ਨਵੀਂ ਦਿੱਲੀ: ਬੀਜੇਪੀ ਨੇ ਸਾਲ 2004 ਤੋਂ 2014 ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਆਮਦਨ ਸਬੰਧੀ ਸਵਾਲ ਖੜੇ ਕੀਤੇ ਹਨ। ਬੀਜੇਪੀ ਦਾ ਦਾਅਵਾ ਹੈ ਕਿ ਰਾਹੁਲ ਗਾਂਧੀ ਕੋਲ ਆਮਦਨ ਦਾ ਕੋਈ ਪੁਖ਼ਤਾ ਸਰੋਤ ਨਹੀਂ। ਫਿਰ ਵੀ ਉਨ੍ਹਾਂ ਦੀ ਆਮਦਨ 55 ਲੱਖ ਤੋਂ 9 ਕਰੋੜ ਤਕ ਕਿਵੇਂ ਪਹੁੰਚ ਗਈ? ਕਾਂਗਰਸ ਨੇ ਫਿਲਹਾਲ ਇਸ ਮਾਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ।
ਬੀਜੇਪੀ ਲੀਡਰ ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੀਡੀਆ ਨੂੰ ਕਿਹਾ ਕਿ ਗਾਂਧੀ ਦੇ ਚੋਣ ਹਲਫਨਾਮਿਆਂ ਮੁਤਾਬਕ 2004 ਵਿੱਚ ਉਨ੍ਹਾਂ ਦੀ ਆਮਦਨ 5 ਲੱਖ ਰੁਪਏ ਸੀ ਜੋ 2014 ਵਿੱਚ ਵਧ ਕੇ 9 ਕਰੋੜ ਰੁਪਏ ਹੋ ਗਈ। ਪ੍ਰਸਾਦ ਨੇ ਸਵਾਲ ਕੀਤਾ ਕਿ ਕਿਸੇ ਸਾਂਸਦ ਦੀ ਤਨਖ਼ਾਹ ਵਿੱਚ ਇੰਨਾ ਵਾਧਾ ਕਿਵੇਂ ਹੋ ਸਕਦਾ ਹੈ।
ਪ੍ਰਸਾਦ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇੱਕ ਸੰਸਦ ਮੈਂਬਰ ਕਿੰਨਾ ਕਮਾਉਂਦਾ ਹੈ। ਉਨ੍ਹਾਂ ਪੁੱਛਿਆ ਕਿ ਆਮਦਨ ਦੇ ਕਿਸੀ ਚੰਗੇ ਸਰੋਤ ਬਿਨਾਂ ਰਾਹੁਲ ਗਾਂਧੀ ਦਾ ਵਿਕਾਸ ਮਾਡਲ ਕੀ ਹੈ? ਉਨ੍ਹਾਂ ਸਵਾਲ ਕੀਤਾ ਕਿ ਕੀ ਰਾਹੁਲ ਨੇ 2G ਸਪੈਕਟ੍ਰਮ ਘਪਲੇ ਨਾਲ ਸਬੰਧਤ ਕੰਪਨੀ ਯੂਨੀਟੈਕ ਕੋਲੋਂ ਦੋ ਜਾਇਦਾਦਾਂ ਖਰੀਦੀਆਂ ਸੀ?