ਨਵੀਂ ਦਿੱਲੀ: ਗਰੁੱਪ ਆਫ ਮਨਿਸਟਰਸ (GoM) ਦੀ 27ਵੀਂ ਬੈਠਕ 'ਚ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਦੱਸਿਆ ਕਿ ਦੇਸ਼ ਦੇ 16 ਸੂਬਿਆਂ 'ਚ ਕੋਰੋਨਾ ਪੌਜ਼ਿਟੀਵਿਟੀ ਰੇਟ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਸਵੇਰ ਤਕ 18 ਸੂਬਿਆਂ 'ਚ ਮਿਊਕਰ ਮਾਇਕੋਸਿਸ ਦੇ ਕਰੀਬ 5,424 ਮਾਮਲੇ ਸਾਹਮਣੇ ਆਏ ਹਨ।
ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ 4,454 ਮੌਤਾਂ ਹੋਈਆਂ। ਇਨ੍ਹਾਂ ਸਭ ਤੋਂ ਜ਼ਿਆਦਾ 1,320 ਮੌਤਾਂ ਮਹਾਰਾਸ਼ਟਰ 'ਚ ਹੋਈਆਂ। ਜਦਕਿ ਕਰਨਾਟਕ 'ਚ 624, ਤਾਮਿਲਨਾਡੂ 'ਚ 422 ਤੇ ਉੱਤਰ ਪ੍ਰਦੇਸ਼ 'ਚ 231 ਮੌਤਾਂ ਹੋਈਆਂ ਹਨ।
ਉਨ੍ਹਾਂ ਕਿਹਾ, 'ਦੇਸ਼ ਦੇ 16 ਸੂਬਿਆਂ 'ਚ ਪੌਜ਼ਿਟੀਵਿਟੀ ਰੇਟ ਬਹੁਤ ਜ਼ਿਆਦਾ ਹੈ। ਇਹ ਸੂਬੇ ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਓੜੀਸਾ, ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਗੋਆ, ਮਣੀਪੁਰ, ਪੁੱਡੂਚੇਰੀ, ਮੇਘਾਲਿਆ, ਅਰੁਣਾਂਚਲ ਪ੍ਰਦੇਸ਼, ਨਾਗਾਲੈਂਡ, ਸਿੱਕਿਮ ਤੇ ਲਕਸ਼ਦੀਪ ਹਨ।'
ਡਾਕਟਰ ਹਰਸ਼ਵਰਧਨ ਨੇ ਕਿਹਾ, 'ਅੱਜ ਸਵੇਰ ਤਕ 18 ਸੂਬਿਆਂ 'ਚ ਮਿਊਕਰ ਮਾਇਕੋਸਿਸ (ਬਲੈਕ ਫੰਗਸ) ਦੇ 5,424 ਮਾਮਲੇ ਦਰਜ ਕੀਤੇ ਗਏ ਹਨ। ਗੁਜਰਾਤ 'ਚ 2,165, ਮਹਾਰਾਸ਼ਟਰ 'ਚ 1,188, ਉੱਤਰ ਪ੍ਰਦੇਸ਼ 'ਚ 663, ਮੱਧ ਪ੍ਰਦੇਸ਼ 'ਚ 519, ਹਰਿਆਣਾ 'ਚ 339, ਆਂਧਰਾ ਪ੍ਰਦੇਸ਼ 'ਚ 248 ਮਾਮਲੇ ਦਰਜ ਕੀਤੇ ਗਏ ਹਨ।'
ਉਨ੍ਹਾਂ ਕਿਹਾ, 'ਬਲੈਕ ਫੰਗਸ ਦੇ 5,424 ਮਾਮਲਿਆਂ 'ਚੋਂ 4,556 ਮਾਮਲਿਆਂ 'ਚ ਪਹਿਲਾਂ ਕੋਵਿਡ ਇਨਫੈਕਸ਼ਨ ਸੀ ਤੇ 55 ਫੀਸਦ ਮਰੀਜ਼ਾਂ ਨੂੰ ਸ਼ੂਗਰ ਸੀ।'