ਨਵੀਂ ਦਿੱਲੀ: ਬਾਬਾ ਰਾਮਦੇਵ ਦੀ ਸੰਸਥਾ ਪਤੰਜਲੀ ਆਯੁਰਵੇਦ ਉੱਤੇ ਕੋਰੋਨਾ ਦਾ ਪਰਛਾਵਾਂ ਆਣ ਪਿਆ ਹੈ। ਸੰਸਥਾ ਦੇ ਡੇਅਰੀ ਕਾਰੋਬਾਰ ਦੇ CEO ਸੁਨੀਲ ਬਾਂਸਲ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। 57 ਸਾਲਾਂ ਦੇ ਸੁਨੀਲ ਦੀ ਮੌਤ 19 ਮਈ ਨੂੰ ਹੋਈ ਸੀ। ਰਿਪੋਰਟਾਂ ਅਨੁਸਾਰ ਇਨਫ਼ੈਕਸ਼ਨ ਜ਼ਿਆਦਾ ਹੋਣ ਕਾਰਣ ਸੁਨੀਲ ਬਾਂਸਲ ਦੇ ਫੇਫੜੇ ਖ਼ਰਾਬ ਹੋ ਗਏ ਸਨ। ਉਨ੍ਹਾਂ ਨੂੰ ਬ੍ਰੇਨ ਹੈਮਰੇਜ ਵੀ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ 19 ਮਈ ਨੂੰ ਹਸਪਤਾਲ ’ਚ ਆਖ਼ਰੀ ਸਾਹ ਲਿਆ।


ਡੇਅਰੀ ਵਿਗਿਆਨ ਦੇ ਮਾਹਿਰ ਸੁਨੀਲ ਬਾਂਸਲ ਨੇ 2018 ’ਚ ਬਾਬਾ ਰਾਮਦੇਵ ਦੀ ਸੰਸਥਾ ਪਤੰਜਲੀ ਆਯੁਰਵੇਦ ਦੇ ਡੇਅਰੀ ਕਾਰੋਬਾਰ ਦਾ ਕਾਰਜਭਾਰ ਸੰਭਾਲਿਆ ਸੀ। ਇਹ ਉਹ ਸਮਾਂ ਸੀ, ਜਦੋਂ ਪਤੰਜਲੀ ਕੰਪਨੀ ਨੇ ਪੈਕੇਜਡ ਦੁੱਧ, ਦਹੀਂ, ਲੱਸੀ ਤੇ ਪਨੀਰ ਸਮੇਤ ਦੁੱਧ ਦੇ ਹੋਰ ਉਤਪਾਦਾਂ ਨੂੰ ਵੇਚਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ।


ਸੁਨੀਲ ਦੇ ਇੱਕ ਦੋਸਤ ਤੇ ਸਾਬਕਾ ਬੌਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ECMO ਉੱਤੇ ਰੱਖਿਆ ਗਿਆ ਸੀ। ECMO ਜਾਂ ਐਕਸਟ੍ਰਾਕਾਰਪੋਰੀਅਲ ਮੈਂਬਰੇਨ ਆਕਸੀਜਨੇਸ਼ਨ ਮਸ਼ੀਨ ਉੱਤੇ ਮਰੀਜ਼ ਨੂੰ ਤਦ ਰੱਖਿਆ ਜਾਂਦਾ ਹੈ, ਜਦੋਂ ਉਸ ਦਾ ਦਿਲ ਤੇ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਤਦ ਇਹ ECMO ਮਸ਼ੀਨ ਦਿਲ ਤੇ ਫੇਫੜਿਆਂ ਨੂੰ ਕੰਮ ਕਰਨ ਵਿੱਚ ਮਦਦ ਕਰਦੀ ਹੈ।


ਬਾਬਾ ਰਾਮਦੇਵ ਦੇ ਐਲੋਪੈਥਿਕ ਦਵਾਈਆਂ ਤੇ ਕੋਰੋਨਾ ਉੱਤੇ ਦਿੱਤੇ ਗਏ ਬਿਆਨ ਤੋਂ ਬਹੁਤ ਹੰਗਾਮਾ ਮਚਿਆ ਹੈ। ਅਜਿਹੇ ਵੇਲੇ ਉਨ੍ਹਾਂ ਦੀ ਸੰਸਥਾ ਦੇ CEO ਸੁਨੀਲ ਦੀ ਕੋਰੋਨਾ ਨਾਲ ਦਿਹਾਂਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਨਿੱਚਰਵਾਰ ਨੂੰ ‘ਇੰਡੀਅਨ ਮੈਡੀਕਲ ਐਸੋਸੀਏਸ਼ਨ’ (IMA) ਨੇ ਯੋਗਾ ਗੁਰੂ ਬਾਬਾ ਰਾਮਦੇਵ ਉੱਤੇ ਐਲੋਪੈਥੀ ਇਲਾਜ ਵਿਰੁੱਧ ਝੂਠ ਫੈਲਾਉਣ ਦਾ ਦੋਸ਼ ਲਾਇਆ ਸੀ।


ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੂੰ ਲਿਖੀ ਚਿੱਠੀ ਵਿੱਚ IMA ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਉੱਤੇ ਰਾਮਦੇਵ ਦਾ ਇੱਕ ਵਿਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਬਾਬਾ ਐਲੋਪੈਥੀ ਨੂੰ ‘ਬਕਵਾਸ’ ਅਤੇ ‘ਦੀਵਾਲੀਆ’ ਸਾਇੰਸ ਆਖ ਰਹੇ ਹਨ। ਸਨਿੱਚਰਵਾਰ ਸ਼ਾਮੀਂ IMA ਨੇ ਰਾਮਦੇਵ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਸੀ। ਡਾਕਟਰਾਂ ਦੀ ਸੰਸਥਾ ਨੇ ਰਾਮਦੇਵ ਉੱਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ।


IMA ਨੇ ਚਿੱਠੀ ’ਚ ਲਿਖਿਆ ਸੀ ਕਿ ਇਸ ਤੋਂ ਪਹਿਲਾਂ ਕੋਰੋਨਾ ਲਈ ਬਣਾਈ ਗਈ ਆਪਣੀ ਦਵਾਈ ਦੀ ਲਾਂਚਿੰਗ ਵੇਲੇ ਵੀ ਬਾਬਾ ਰਾਮਦੇਵ ਨੇ ਡਾਕਟਰਾਂ ਨੂੰ ‘ਹਤਿਆਰੇ’ ਆਖਿਆ ਸੀ। ਪ੍ਰੋਗਰਾਮ ਵਿੱਚ ਸਿਹਤ ਮੰਤਰੀ ਵੀ ਮੌਜੂਦ ਸਨ। ਇਸ ਤੋਂ ਬਾਅਦ ਰਾਮਦੇਵ ਦੀ ਸੰਸਥਾ ਪਤੰਜਲੀ ਨੇ ਬਿਆਨ ਜਾਰੀ ਕਰ ਕੇ ਦੋਸ਼ਾਂ ਨੂੰ ਗ਼ਲਤ ਦੱਸਿਆ ਸੀ। ਫਿਰ ਡਾ. ਹਰਸ਼ ਵਰਧਨ ਨੇ ਆਸ ਪ੍ਰਗਟਾਈ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਬਾਬਾ ਰਾਮਦੇਵ ਆਪਣਾ ਬਿਆਨ ਵਾਪਸ ਲੈ ਲੈਣਗੇ।


ਇਸ ਤੋਂ ਬਾਅਦ ਇੱਕ ਬਿਆਨ ’ਚ ਬਾਬਾ ਰਾਮਦੇਵ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸ਼ਾਂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਸੋਸ਼ਲ ਮੀਡੀਆ ਉੱਤੇ ਡਾ. ਹਰਸ਼ ਵਰਧਨ ਨੂੰ ਲਿਖਆ ਕਿ ਤੁਹਾਡੀ ਚਿੱਠੀ ਮਿਲੀ। ਉਸ ਦੇ ਸੰਦਰਭ ਵਿੱਚ ਮੈਡੀਕਲ ਪ੍ਰਣਾਲੀਆਂ ਦੇ ਸੰਘਰਸ਼ ਦੇ ਇਸ ਪੂਰੇ ਵਿਵਾਦ ਨੂੰ ਅਫ਼ਸੋਸਨਾਕ ਵਿਰਾਮ ਦਿੰਦਿਆਂ ਮੈਂ ਆਪਣਾ ਬਿਆਨ ਲੈਂਦਾ ਹਾਂ।