ਚੰਡੀਗੜ੍ਹ: ਹਰਿਆਣਾ 'ਚ ਵੀ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਕੋਵਿਡ-19 ਦੇ ਨਵੇਂ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਅੰਕੜਿਆਂ ਉੱਪਰ ਝਾਤ ਮਾਰਨ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿੱਚ ਹਾਲਾਤ ਪੰਜਾਬ ਕੁਝ ਬਿਹਤਰ ਦਿਖਾਈ ਦੇ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਵਿੱਚ ਹਰਿਆਣਾ ਅੰਦਰ ਕੋਰੋਨਾਵਾਇਰਸ ਦੇ 4400 ਨਵੇਂ ਮਾਮਲੇ ਦਰਜ ਕੀਤੇ ਗਏ, ਜਦਕਿ ਪੰਜਾਬ ਵਿੱਚ ਇਹ ਅੰਕੜਾ 5,094 ਰਿਹਾ। ਮੌਤਾਂ ਦਾ ਅੰਕੜਾ ਵੀ ਹਰਿਆਣਾ ਵਿੱਚ ਘੱਟ ਰਿਹਾ। ਹਰਿਆਣਾ 'ਚ ਕੋਰੋਨਾਵਾਇਰਸ ਕਾਰਨ ਐਤਵਾਰ ਨੂੰ 97 ਲੋਕਾਂ ਦੀ ਮੌਤ ਦਰਜ ਹੋਈ ਜਦਕਿ ਪੰਜਾਬ ਵਿੱਚ 172 ਮਰੀਜ਼ ਇਸ ਨਾਮੁਰਾਦ ਵਾਇਰਸ ਕਾਰਨ ਇਸ ਸੰਸਾਰ ਨੂੰ ਅਲਵਿਦਾ ਆਖ ਗਏ।


 






 


ਹਰਿਆਣਾ ਵਿੱਚ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 7,38,028 ਹੋ ਗਈ ਹੈ ਜਦਕਿ ਇਸ ਸਮੇਂ 42,816 ਮਰੀਜ਼ ਇਲਾਜ ਅਧੀਨ ਹਨ। ਐਤਵਾਰ ਵਾਲੇ ਦਿਨ ਹਰਿਆਣਾ ਦੇ ਹਸਪਤਾਲਾਂ ਵਿੱਚੋਂ ਕੋਵਿਡ-19 ਦੇ 9480 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਹਰਿਆਣਾ ਵਿੱਚ ਹੁਣ ਤੱਕ ਕੁੱਲ 7,512 ਮੌਤਾਂ ਕੋਰੋਨਾਵਾਇਰਸ ਕਰਕੇ ਦਰਜ ਕੀਤੀਆਂ ਗਈਆਂ ਹਨ। ਹਰਿਆਣਾ ਸਰਕਾਰ ਨੇ ਸੂਬੇ ਵਿੱਚ ਆਕਸੀਜਨ ਜਾਂ ਵੈਂਟੀਲੇਟਰ ਸਹਾਇਤਾ 'ਤੇ ਪਏ ਮਰੀਜ਼ਾਂ ਬਾਰੇ ਅੰਕੜੇ ਨਸ਼ਰ ਨਹੀਂ ਕੀਤੇ। ਹਰਿਆਣਾ ਵਿੱਚ ਲੋਕਾਂ ਨੂੰ ਕੋਵਿਡ ਰੋਕੂ ਟੀਕੇ ਦੀਆਂ ਹੁਣ ਤੱਕ ਕੁੱਲ 52,80,733 ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।


ਜੇਕਰ ਪੰਜਾਬ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ 8,527 ਲੋਕ ਕੋਰੋਨਾ ਤੋਂ ਠੀਕ ਹੋਏ ਤੇ ਇਕੱਲੇ ਐਤਵਾਰ 172 ਮੌਤਾਂ ਕੋਰੋਨਾ ਵਾਇਰਸ ਕਾਰਨ ਹੋਈਆਂ। ਪੰਜਾਬ 'ਚ ਹੁਣ ਤਕ ਪੌਜ਼ੇਟਿਵ ਕੇਸਾਂ ਦਾ ਕੁੱਲ ਅੰਕੜਾ 5,38,994 ਹੋ ਗਿਆ ਹੈ ਤੇ ਮੌਜੂਦਾ ਸਮੇਂ ਐਕਟਿਵ ਕੇਸ 57,505 ਹਨ। ਹੁਣ ਤਕ 13,281 ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਸੂਬੇ 'ਚ 7154 ਲੋਕ ਆਕਸੀਜਨ ਸਪੋਰਟ 'ਤੇ ਹਨ। ਇਨ੍ਹਾਂ 'ਚੋਂ 386 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ 'ਤੇ ਹਨ।