ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਸੰਕਟ ਦਰਮਿਆਨ ਬਲੈਕ ਫੰਗਸ ਨੇ ਵੀ ਦਸਤਕ ਦਿੱਤੀ ਹੈ। ਜਿੱਥੇ ਰੋਜ਼ਾਨਾ ਕੋਰੋਨਾ ਮਾਮਲਿਆਂ 'ਚ ਇਜ਼ਾਫਾ ਹੋ ਰਿਹਾ ਹੈ ਉੱਥੇ ਹੀ ਬਲੈਕ ਫੰਗਸ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਪਲੈਕ ਫੰਗਸ ਕੋਵਿਡ-19 ਤੋਂ ਬਿਨਾਂ ਵੀ ਹੋ ਸਕਦਾ ਹੈ। ਯਾਨੀ ਕਿ ਜ਼ਰੂਰੀ ਨਹੀਂ ਕਿ ਬਲੈਕ ਫੰਗਸ ਦਾ ਹਮਲਾ ਕੋਰੋਨਾ ਪੌਜ਼ੇਟਿਵ ਮਰੀਜ਼ਾਂ 'ਤੇ ਵੀ ਹੋਵੇ। ਅਜਿਹੇ 'ਚ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਅਲਰਟ ਕੀਤਾ ਗਿਆ ਹੈ।


ਮਾਹਿਰਾਂ ਮੁਤਾਬਕ ਇਹ ਇਕ ਅਜਿਹੀ ਇਨਫੈਕਸ਼ਨ ਹੈ ਜੋ ਕੋਰੋਨਾ ਤੋਂ ਪਹਿਲਾਂ ਵੀ ਮੌਜੂਦ ਸੀ। ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਨੇ ਕਿਹਾ ਬਲੈਕ ਫੰਗਸ ਸ਼ੂਗਰ ਦੇ ਮਰੀਜ਼ਾਂ ਲਈ ਘਾਤਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੇਕਾਬੂ ਸ਼ੂਗਰ ਤੇ ਕੁਝ ਹੋਰ ਬਿਮਾਰੀਆਂ ਦੇ ਸੁਮੇਲ ਤੋਂ ਬਾਅਦ ਬਲੈਕ ਫੰਗਸ ਹੋਣ ਦਾ ਖਤਰਾ ਰਹਿੰਦਾ ਹੈ। 


ਏਮਜ਼ ਦੇ ਡਾਕਟਰਾਂ ਮੁਤਾਬਕ ਸ਼ੂਗਰ, ਕੋਲਡ ਆਕਸੀਜਨ, ਬਿਨਾਂ ਧੋਤੇ ਮਾਸਕ ਪਹਿਣਨਾ ਆਦਿ ਬਲੈਕ ਫੰਗਸ ਦੇ ਕੇਸਾਂ 'ਚ ਵਾਧੇ ਦੇ ਕਾਰਨ ਹਨ। ਏਮਜ਼ ਦੇ ਡਾਕਟਰ ਨਿਖਿਲ ਟੰਡਨ ਮੁਤਾਬਕ ਤੰਦਰੁਸਤ ਲੋਕਾਂ ਨੂੰ ਇਸ ਲਾਗ ਬਾਰੇ ਚਿੰਤਤ ਹੋਣ ਦੀ ਲੋੜ ਨਹੀਂ। ਸਿਰਫ ਘੱਟ ਇਮਿਊਨਿਟੀ ਵਾਲਿਆਂ ਲਈ ਇਹ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਇਮਿਊਨਿਟੀ ਨੂੰ ਪਹਿਲੀ ਲਹਿਰ ਦੇ ਮੁਕਾਬਲੇ ਜ਼ਿਆਦਾ ਢਾਹ ਲਾਈ ਹੋਵੇ। ਇਸ ਤੋਂ ਇਲਾਵਾ ਇਸ ਵੇਵ 'ਚ ਸਟੀਰੌਇਡਸ ਦੀ ਵਰਤੋਂ ਵੀ ਜ਼ਿਆਦਾ ਹੋਈ ਹੈ। ਪਰ ਫਿਰ ਵੀ ਸੰਪੂਰਨ ਜਾਂਚ ਤੋਂ ਬਿਨਾਂ ਯਕੀਨੀ ਤੌਰ 'ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ।


ਐਤਵਾਰ ਹਰਿਆਣਾ 'ਚ ਬਲੈਕ ਫੰਗਸ ਦੇ ਮਾਮਲੇ 398 ਹੋ ਗਏ। ਜਿੱਥੇ ਕਿ ਗੁਰੂਗ੍ਰਾਮ 'ਚ ਸਭ ਤੋਂ ਵੱਧ 147 ਕੇਸ ਦਰਜ ਕੀਤੇ ਗਏ। ਕੇਰਲਾ 'ਚ ਬਲੈਕ ਫੰਗਸ ਨਾਲ ਚਾਰ ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਉੱਤਰਾਖੰਡ ਨੇ ਇਸ ਨੂੰ ਮਹਾਂਮਾਰੀ ਐਲਾਨ ਦਿੱਤਾ ਹੈ। ਓਧਰ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਸ਼ਨੀਵਾਰ ਬਲੈਕ ਫੰਗਸ ਦਾ ਇਕ ਕੇਸ ਸਾਹਮਣੇ ਆਇਆ ਹੈ। ਡਾਕਟਰਾਂ ਮੁਤਾਬਕ ਇਹ ਠੀਕ ਹੋ ਸਕਣ ਵਾਲੀ ਕੌਮਨ ਬਿਮਾਰੀ ਹੈ।