ਬੰਬੇ ਹਾਈ ਕੋਰਟ ਨੇ ਇੱਕ ਆਦਮੀ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸਨੇ ਇਕ ਔਰਤ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਕੁੰਢਲੀਆਂ ਦਾ ਹਵਾਲਾ ਦਿੰਦੇ ਹੋਏ ਆਪਣੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।


ਜਸਟਿਸ ਸੰਦੀਪ ਕੇ ਸ਼ਿੰਦੇ ਨੇ ਨੋਟ ਕੀਤਾ, 'ਇਹ ਸਪਸ਼ਟ ਹੈ ਕਿ ਬਿਨੈਕਾਰ ਨੇ ਕੁੰਢਲੀਆਂ ਦੀ ਆੜ 'ਚ ਵਿਆਹ ਦਾ ਵਾਅਦਾ ਤੋੜਿਆ। ਉਨ੍ਹਾਂ ਮੁਤਾਬਕ ਇਹ ਸਾਫ ਹੈ ਕਿ ਉਸ ਨੇ ਵਿਆਹ ਕਰਨ ਦਾ ਝੂਠਾ ਵਾਅਦਾ ਕੀਤਾ ਸੀ।


ਜ਼ਿਕਰਯੋਗ ਹੈ ਕਿ ਇਹ ਜੋੜਾ 2012 ਤੋਂ ਰਿਸ਼ਤੇ 'ਚ ਸੀ। ਜਦੋਂ ਔਰਤ ਨਾਲ ਵਿਆਹ ਕਰਨ ਤੋਂ ਵਿਅਕਤੀ ਨੇ ਇਨਕਾਰ ਕਰ ਦਿੱਤਾ ਤਾਂ ਉਦੋਂ ਉਸ ਔਰਤ ਨੇ ਸ਼ਿਕਾਇਤ ਦਰਜ ਕਰਵਾਈ।


ਆਪਣੀ ਸ਼ਿਕਾਇਤ ਚ ਉਸ ਔਰਤ ਨੇ ਕਿਹਾ ਕਿ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਗਿਆ। ਫਿਰ ਮਾਨਸਿਕ ਤੌਰ ਤੇ ਭਾਵਨਾਤਮਕ ਤੌਰ ਤੇ ਉਸ ਦਾ ਸੋਸ਼ਣ ਕੀਤਾ ਗਿਆ। ਉਸ ਨਾਲ ਅਕਸਰ ਸਰੀਰਕ ਸਬੰਧ ਬਣਾਏ। ਉਸ ਨੇ ਇਹ ਵੀ ਦੱਸਿਆ ਕਿ ਅਕਤੂਬਰ 2012 'ਚ ਹੋਟਲ ਕੈਫੇਟੇਰੀਆ 'ਚ ਉਨ੍ਹਾਂ ਦੋ ਵਾਰ ਸਰੀਰਕ ਸਬੰਧ ਬਣਾਏ ਸਨ।


ਬਾਅਦ ਵਿਚ ਦੋਵਾਂ ਨੇ ਇਕੱਠੇ ਯਾਤਰਾ ਵੀ ਕੀਤੀ। ਹਾਲਾਂਕਿ ਜਦੋਂ ਉਹ ਗਰਭਵਤੀ ਹੋਈ ਤਾਂ ਉਸ ਵਿਅਕਤੀ ਨੇ ਪ੍ਰੈਗਨੈਂਸੀ ਖਤਮ ਕਰਨ ਲਈ ਕਿਹਾ ਤੇ ਦੋ ਸਾਲ ਬਾਅਦ ਉਸ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ। ਜਦੋਂ ਉਸ ਨੇ ਘਰਦਿਆਂ ਨਾਲ ਉਸ ਬਾਰੇ ਗੱਲ ਕੀਤੀ ਤਾਂ ਉਸ ਨੂੰ ਘਰੋਂ ਕਢ ਦਿੱਤਾ ਗਿਆ ਤੇ ਉਸ ਆਦਮੀ ਨੇ ਵੀ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।


ਦਸੰਬਰ 2012 'ਚ ਜਦੋਂ ਉਸ ਔਰਤ ਨੇ ਆਦਮੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਤਾਂ ਉਸ ਦੇ ਪਰਿਵਾਰਕ ਮੈਂਬਰ ਵਿਆਹ ਲਈ ਰਾਜ਼ੀ ਹੋ ਗਏ। ਉਸ ਤੋਂ ਬਾਅਦ 2013 'ਚ ਉਸ ਔਰਤ ਨੇ ਸ਼ਿਕਾਇਤ ਵਾਪਸ ਲੈ ਲਈ। ਪਰ ਉਹ ਉਸ ਵੇਲੇ ਹੈਰਾਨ ਰਹਿ ਗਈ ਜਦੋਂ 2018 'ਚ ਫਿਰ ਤੋਂ ਉਸ ਵਿਅਕਤੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ।