Bombay HC News: ਬੰਬੇ ਹਾਈ ਕੋਰਟ ਨੇ ਨੌਜਵਾਨਾਂ ਦੀ ਜ਼ਿੰਦਗੀ ਅਤੇ ਸਰੀਰ ਨੂੰ ਹੋਣ ਵਾਲੇ ਨੁਕਸਾਨ ਦਾ ਹਵਾਲਾ ਦਿੰਦੇ ਹੋਏ ਇਕ ਵਿਅਕਤੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਨਸ਼ਾ ਸਿਰਫ਼ ਇੱਕ ਆਦਮੀ ਨੂੰ ਹੀ ਨਹੀਂ ਸਗੋਂ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦਾ ਹੈ। ਅਦਾਲਤ ਚਰਸ ਬਰਾਊਨੀ ਵੇਚਣ ਦੇ ਦੋਸ਼ 'ਚ ਦੋ ਸਾਲਾਂ ਤੋਂ ਜੇਲ੍ਹ 'ਚ ਬੰਦ ਇਕ ਵਿਅਕਤੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।
ਜਸਟਿਸ ਅਨੁਜਾ ਪ੍ਰਭੂਦੇਸਾਈ ਨੇ ਕਿਹਾ ਕਿ ਡ੍ਰਗਸ ਅਤੇ ਨਸ਼ੀਲੇ ਪਦਾਰਥ ਨੌਜਵਾਨਾਂ ਵਿੱਚ ਸਰੀਰਕ, ਮਨੋਵਿਗਿਆਨਕ ਅਤੇ ਭਾਵਨਾਤਮਕ ਵਿਕਾਰ ਦਾ ਖ਼ਤਰਾ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮਾੜਾ ਅਸਰ ਵਿਅਕਤੀ 'ਤੇ ਲੰਬੇ ਸਮੇਂ ਤੱਕ ਰਹਿੰਦਾ ਹੈ ਅਤੇ ਇਸ ਕਰਕੇ ਸਿਰਫ ਉਹ ਵਿਅਕਤੀ ਹੀ ਨਹੀਂ ਸਗੋਂ ਪੂਰਾ ਪਰਿਵਾਰ ਬਰਬਾਦ ਹੋ ਜਾਂਦਾ ਹੈ।
WeFast ਐਪ ਰਾਹੀਂ ਚਲਾ ਰਿਹਾ ਸੀ ਧੰਦਾ
ਮਾਮਲੇ ਦੀ ਜਾਂਚ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥ ਮਰਿਜੁਆਨਾ ਤੋਂ ਬਣੀ ਬਰਾਊਨੀ ਵੇਚਦਾ ਸੀ। NCB ਨੇ ਇਹ ਵੀ ਦੱਸਿਆ ਕਿ ਉਹ ਇਸ ਕਾਰੋਬਾਰ ਨੂੰ WeFast ਐਪ ਰਾਹੀਂ ਚਲਾ ਰਿਹਾ ਸੀ ਅਤੇ ਚਰਸ ਤੋਂ ਬਣੀ ਬਰਾਊਨੀ ਆਨਲਾਈਨ ਵੇਚਦਾ ਸੀ। ਇਸ ਤੋਂ ਬਾਅਦ ਉਸ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਜਿਸ 'ਚ 10 ਕਿਲੋ ਚਰਸ ਬਰਾਮਦ ਹੋਈ।
2021 ਤੋਂ ਜੇਲ੍ਹ ਵਿੱਚ ਬੰਦ ਹੈ ਮੁਲਜ਼ਮ
ਐਨਸੀਬੀ ਵੱਲੋਂ ਪੇਸ਼ ਹੋਏ ਵਕੀਲ ਸ੍ਰੀਰਾਮ ਸ੍ਰੀਸਤ ਨੇ ਕਿਹਾ ਕਿ ਮੁਲਜ਼ਮਾਂ ਦੇ ਬਿਆਨਾਂ ਤੋਂ ਇਹ ਜਾਪਦਾ ਹੈ ਕਿ ਉਹ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਕਿਉਂਕਿ ਉਸ ਦੇ ਜ਼ਿਆਦਾਤਰ ਗਾਹਕ ਨੌਜਵਾਨ ਹਨ ਅਤੇ ਅਜਿਹਾ ਕਰਕੇ ਉਹ ਉਨ੍ਹਾਂ ਦੇ ਭਵਿੱਖ ਨੂੰ ਵੀ ਪ੍ਰਭਾਵਿਤ ਕਰ ਰਿਹਾ ਸੀ। ਦੂਜੇ ਪਾਸੇ ਮੁਲਜ਼ਮ ਦੇ ਵਕੀਲ ਤਾਰਕ ਸੱਯਦ ਨੇ ਐਨਸੀਬੀ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਜ਼ਮਾਨਤ ਦੀ ਮੰਗ ਕੀਤੀ। ਵਕੀਲ ਨੇ ਕਿਹਾ ਕਿ ਉਹ ਨੌਜਵਾਨ ਲੜਕਾ ਹੈ ਅਤੇ ਉਸ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਮੁਲਜ਼ਮ 12 ਜੁਲਾਈ 2021 ਤੋਂ ਜੇਲ੍ਹ ਵਿੱਚ ਹੈ।
ਪਟੀਸ਼ਨ ਖਾਰਜ ਕਰਦਿਆਂ ਅਦਾਲਤ ਨੇ ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਪ੍ਰਭੂਦੇਸਾਈ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਦੋਸ਼ੀ ਦੁਬਾਰਾ ਚਰਸ ਵਾਲੀ ਬਰਾਊਨੀ ਵੇਚਣਾ ਸ਼ੁਰੂ ਕਰ ਸਕਦਾ ਹੈ।