ਰਾਏਪੁਰ: ਕੋਰੋਨਾ ਵਾਇਰਸ ਸੰਕਟ ਦੌਰਾਨ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਰਹੇ ਹਨ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਸਾਇਬਰ ਠੱਗੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ। ਫੇਸਬੁੱਕ 'ਤੇ ਨਿਸ਼ਾ ਜਿੰਦਲ ਨਾਮਕ ਪ੍ਰੋਫਾਈਲ ਤੋਂ ਲਗਾਤਾਰ ਭਾਈਚਾਰਕ ਮਾਹੌਲ ਖ਼ਰਾਬ ਕਰਨ ਵਾਲੀਆਂ ਪੋਸਟਾਂ ਕੀਤੀਆਂ ਜਾ ਰਹੀਆਂ ਸਨ।
ਨਿਸ਼ਾ ਜਿੰਦਲ ਦੇ ਕਿਸੇ ਸੈਲੀਬ੍ਰਿਟੀ ਦੀ ਤਰ੍ਹਾਂ 10,000 ਤੋਂ ਵੱਧ ਫੌਲੋਅਰ ਹਨ। ਜਿਨ੍ਹਾਂ 'ਚ ਛੱਤੀਸਗੜ੍ਹ ਦੇ ਕਈ ਆਹਲਾ ਅਧਿਕਾਰੀ ਤੋਂ ਲੈਕੇ ਕਈ ਵੱਡੇ ਨੇਤਾ ਸ਼ਾਮਲ ਹਨ। ਨਿਸ਼ਾ ਜਿੰਦਲ ਦੀ ਪੁਲਿਸ ਕੋਲ ਸ਼ਿਕਾਇਤ ਪਹੁੰਚਣ 'ਤੇ ਜਦੋਂ ਪੁਲਿਸ ਉਸ ਦੇ ਘਰ ਪਹੁੰਚੀ ਤਾਂ ਨਿਸ਼ਾ ਜਿੰਦਲ ਕੁੜੀ ਦੀ ਬਜਾਏ ਮੁੰਡਾ ਨਿਕਲਿਆ। ਰਵੀ ਨਾਂ ਦਾ ਇਹ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਨਿਸ਼ਾ ਜਿੰਦਲ ਦੇ ਨਾਂ 'ਤੇ ਪ੍ਰੋਫਾਈਲ ਬਣਾ ਕੇ ਲੋਕਾਂ ਨੂੰ ਬੇਵਕੂਫ਼ ਬਣਾ ਰਿਹਾ ਸੀ।
ਪੁਲਿਸ ਵੱਲੋਂ ਰਵੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਨੇ ਨਿਸ਼ਾ ਜਿੰਦਲ ਪ੍ਰੋਫਾਈਲ ਤੋਂ ਰਵੀ ਦੀ ਲੌਕਅਪ ਦੇ ਅੰਦਰ ਦੀ ਤਸਵੀਰ ਪੋਸਟ ਕਰਵਾਈ ਹ। ਜਿਸ ਦੇ ਨਾਲ ਲਿਖਿਆ 'ਮੈਂ ਨਿਸ਼ਾ ਜਿੰਦਲ ਹਾਂ, ਮੈਂ ਲੌਕਅਪ 'ਚ ਹਾਂ, ਜੋ ਹੁਣ ਜੰਮ ਕੇ ਵਾਇਰਲ ਹੋ ਰਹੀ ਹੈ। ਕਈ IAS, IPS ਅਧਿਕਾਰੀਆਂ ਨੇ ਵੀ ਇਸ ਨੂੰ ਟਵੀਟ ਕੀਤਾ ਹੈ। ਇੱਥੋਂ ਤਕ ਕਿ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਵੀ ਰੀਟਵੀਟ ਕੀਤਾ ਹੈ।
ਰਾਏਪੁਰ ਦੇ ਐਸਪੀ ਆਰਿਫ਼ ਸ਼ੇਖ ਮੁਤਾਬਕ ਨਿਸ਼ਾ ਜਿੰਦਲ ਫੇਸਬੁੱਕ ਪ੍ਰੋਫਾਈਲ ਤੋਂ ਲਗਤਾਰ ਫਿਰਕੂ ਪੋਸਟਾਂ ਕੀਤੇ ਜਾਣ ਸ਼ਿਕਾਇਤ ਮਿਲ ਰਹੀ ਸੀ। ਰਵੀ ਪਿਛਲੇ ਸੱਤ ਸਾਲ ਤੋਂ ਨਿਸ਼ਾ ਜਿੰਦਲ ਦੇ ਨਾਂ 'ਤੇ ਫੇਸਬੁੱਕ ਚਲਾ ਰਿਹਾ ਸੀ। ਲੋਕਾਂ ਨੂੰ ਪ੍ਰੋਫਾਈਲ ਫੇਕ ਨਾ ਲੱਗੇ ਇਸ ਲਈ ਉਸ ਨੇ ਨਿਸ਼ਾ ਜਿੰਦਲ ਦੇ ਰਿਸ਼ਤੇਦਾਰਾਂ ਦੇ ਨਾਂ ਤੋਂ ਵੀ ਕਈ ਫੇਕ ਪ੍ਰੋਫਾਈਲ ਬਣਾ ਰੱਖੇ ਸਨ। ਨਿਸ਼ਾ ਜਿੰਦਲ ਦੀਆਂ ਤਸਵੀਰਾਂ ਦੇ ਰੂਪ 'ਚ ਪਾਕਿਸਤਾਨ ਦੀ ਮਾਡਲ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਸੀ।
ਇੰਨਾ ਹੀ ਨਹੀਂ ਨਿਸ਼ਾ ਜਿੰਦਲ ਦੇ ਰੂਪ 'ਚ ਰਵੀ ਆਪਣੇ ਆਪ ਨੂੰ WHO, NASA ਅਤੇ CIA ਦਾ ਮੈਂਬਰ ਦੱਸਦਾ ਸੀ। ਇਹੀ ਵਜ੍ਹਾ ਹੈ ਕਿ ਨਿਸ਼ਾ ਜਿੰਦਲ ਪ੍ਰੋਫਾਈਲ ਦੇ 10,000 ਤੋਂ ਵੱਧ ਫੌਲੋਅਰਸ ਸਨ। ਨਿਸ਼ਾ ਜਿੰਦਲ ਦੀ ਫ੍ਰੈਂਡ ਲਿਸਟ 'ਚ ਕਈ ਵੱਡੇ ਅਧਿਕਾਰੀ ਤੇ ਨੇਤਾ ਵੀ ਸਨ। ਇਸ ਲਈ ਪੁਲਿਸ ਹੁਣ ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਮੁਲਜ਼ਮ ਰਵੀ ਨੇ ਨਿਸ਼ਾ ਜਿੰਦਲ ਦੇ ਨਾਂ ਤੇ ਇਨ੍ਹਾਂ 'ਚੋਂ ਕਿਸੇ ਨਾਲ ਠੱਗੀ ਤਾਂ ਨਹੀਂ ਮਾਰੀ।
ਕੋਰੋਨਾ ਦੇ ਸੰਕਟ ਦੌਰਾਨ ਨਿਸ਼ਾ ਜਿੰਦਲ ਦੇ ਪ੍ਰੋਫਾਈਲ ਤੋਂ ਇਕ ਟਰੱਕ ਮਾਸਕ ਤੇ ਸੈਨੇਟਾਇਜ਼ਰ ਵੰਡਣ ਦੀ ਪੋਸਟ ਵੀ ਕੀਤੀ ਗਈ ਸੀ। ਜਿਸ ਤੇ ਸੈਂਕੜੇ ਲੋਕਾਂ ਨੇ ਲਾਇਕ ਕੁਮੈਂਟ ਕੀਤੇ ਹਨ। ਹੁਣ ਛੱਤੀਸਗੜ੍ਹ 'ਚ ਨਿਸ਼ਾ ਜਿੰਦਲ ਨੂੰ ਲੈ ਕੇ ਹਰ ਕੋਈ ਨਿਸ਼ਾ ਜਿੰਦਲ ਬੇਵਫ਼ਾ ਦੇ ਨਾਂ ਤੋਂ ਹੈਸ਼ਟੈਗ ਚਲਾ ਰਿਹਾ ਹੈ।