Crime News: ਫਿਰੋਜ਼ਾਬਾਦ ਦੇ ਥਾਣਾ ਰਸੂਲਪੁਰ ਖੇਤਰ ਦੇ ਮੁਹੱਲਾ ਗੁਰੂਦੇਵ ਨਗਰ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਨੇ ਪਰਿਵਾਰਕ ਕਲੇਸ਼ ਕਰਕੇ ਐਤਵਾਰ ਸਵੇਰੇ ਆਪਣੇ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਹੁਰਿਆਂ ਨੇ ਲਾਸ਼ ਨੂੰ ਸੂਟਕੇਸ ਵਿਚ ਪਾ ਕੇ ਸ਼ਿਕੋਹਾਬਾਦ ਦੀ ਭੂਡਾ ਨਹਿਰ ਵਿਚ ਸੁੱਟ ਦਿੱਤਾ। ਬਾਅਦ ਵਿੱਚ ਰਸੂਲਪੁਰ ਥਾਣੇ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।


ਲੜਕੀ ਦੇ ਪਿਤਾ ਨੇ ਦਾਜ ਲਈ ਉਨ੍ਹਾਂ ਦੀ ਧੀ ਦੀ ਹੱਤਿਆ ਅਤੇ ਲਾਸ਼ ਗਾਇਬ ਕਰਨ ਦੇ ਦੋਸ਼ 'ਚ ਉਸ ਦੇ ਸਹੁਰਿਆਂ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਮੰਗਲਵਾਰ ਨੂੰ ਵੀ ਪੁਲਿਸ ਟੀਮ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚ ਲਾਸ਼ ਦੀ ਭਾਲ ਜਾਰੀ ਰੱਖੀ।



ਦੱਖਣੀ ਖੇਤਰ ਦੇ ਮੁਹੱਲਾ ਭੀਮਨਗਰ ਦੇ ਵਸਨੀਕ ਐਸ.ਸੀ ਪ੍ਰਮੋਦ ਕੁਮਾਰ ਨੇ ਆਪਣੀ ਲੜਕੀ ਰੌਣਕ ਦਾ ਵਿਆਹ ਪਿਛਲੇ ਮਹੀਨੇ ਨਵੰਬਰ ਵਿੱਚ ਗੁਰੂਦੇਵ ਨਗਰ ਦੇ ਰਹਿਣ ਵਾਲੇ ਪ੍ਰਸ਼ਾਂਤ ਗੁਪਤਾ ਉਰਫ਼ ਜੈਕੀ ਨਾਲ ਕੀਤਾ ਸੀ। ਪਰਿਵਾਰ 'ਚ ਕਲੇਸ਼ ਤੋਂ ਬਾਅਦ ਰੌਣਕ ਨੇ ਐਤਵਾਰ ਸਵੇਰੇ ਆਪਣੇ ਕਮਰੇ ਦਾ ਤਾਲਾ ਲਗਾ ਕੇ ਫਾਹਾ ਲੈ ਲਿਆ।


ਇਸ ਤੋਂ ਬਾਅਦ ਸਹੁਰੇ ਵਾਲਿਆਂ ਨੇ ਇਲਾਕੇ ਵਿੱਚ ਰਹਿਣ ਵਾਲੇ ਤਰਖਾਣ ਨੂੰ ਬੁਲਾ ਕੇ ਦਰਵਾਜ਼ੇ 'ਚ ਮੋਰੀ ਕਰ ਕੇ ਲਾਸ਼ ਨੂੰ ਹੇਠਾਂ ਉਤਾਰਿਆ। ਇਸ ਤੋਂ ਬਾਅਦ ਲਾਸ਼ ਨੂੰ ਸੂਟਕੇਸ 'ਚ ਰੱਖ ਕੇ ਆਪਣੀ ਕਾਰ 'ਚ ਲੈ ਕੇ ਭੂਡਾ ਨਹਿਰ 'ਚ ਸੁੱਟ ਦਿੱਤਾ। ਇਸੇ ਦੌਰਾਨ ਸੋਮਵਾਰ ਸਵੇਰੇ 10 ਵਜੇ ਪਤੀ ਜੈਕੀ ਅਤੇ ਭਰਜਾਈ ਕੰਚਨ ਰੌਣਕ ਦੇ ਪੇਕੇ ਘਰ ਪਹੁੰਚੇ ਅਤੇ ਦੱਸਿਆ ਕਿ ਉਹ ਕਿਤੇ ਚਲੀ ਗਈ ਹੈ।



ਪਿਤਾ ਪ੍ਰਮੋਦ ਕੁਮਾਰ ਨੇ ਮੌਕੇ 'ਤੇ ਆ ਕੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਰੌਣਕ ਨੇ ਫਾਹਾ ਲੈ ਲਿਆ ਹੈ। ਸਹੁਰੇ ਵਾਲੇ ਲਾਸ਼ ਨੂੰ ਇੱਕ ਵੱਡੇ ਸੂਟਕੇਸ ਵਿੱਚ ਲੈ ਕੇ ਕਿਤੇ ਗਏ ਸਨ। ਇਸ ਤੋਂ ਬਾਅਦ ਪ੍ਰਮੋਦ ਨੇ ਦਾਜ ਲਈ ਕਤਲ ਅਤੇ ਲਾਸ਼ ਨੂੰ ਲੁਕਾਉਣ ਦੇ ਦੋਸ਼ 'ਚ ਸਹੁਰਿਆਂ ਦੇ 6 ਮੈਂਬਰਾਂ ਖਿਲਾਫ ਥਾਣੇ 'ਚ ਐੱਫ.ਆਈ.ਆਰ. ਦਰਜ ਕਰਵਾਈ ਹੈ।


ਹਰਕਤ ਵਿੱਚ ਆਈ ਪੁਲਿਸ ਨੇ ਪਤੀ, ਨਨਾਣ, ਸੱਸ ਦਿਓਰ ਸਮੇਤ ਪੰਜ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇੰਸਪੈਕਟਰ ਪ੍ਰਮੋਦ ਪਵਾਰ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਕ ਮੁਲਜ਼ਮ ਲਾਪਤਾ ਹੈ। ਨਹਿਰ 'ਚ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।