ਚੰਡੀਗੜ੍ਹ: ਸੋਮਵਾਰ ਦੇਰ ਰਾਤ ਤਿੰਨ ਵਿਅਕਤੀਆਂ ਨੇ ਰਾਜੀਵ ਗਾਂਧੀ ਟੈਕਨਾਲੋਜੀ (ਆਈਟੀ) ਪਾਰਕ ਵਿੱਚ ਬੰਦੂਕ ਦੀ ਨੋਕ 'ਤੇ 37 ਸਾਲਾ ਸਾਫਟਵੇਅਰ ਇੰਜਨੀਅਰ ਨੂੰ ਲੁੱਟ ਲਿਆ ਤੇ ਉਸ ਦੀ ਕਾਰ ਖੋਹ ਲਈ।


ਪੀੜਤ, ਆਦਿੱਤਿਆ ਢੀਂਡਵਾਲ ਡੀਐਲਐਫ ਦੀ ਇਮਾਰਤ ਦੇ ਨਾਲ ਲੱਗਦੀ ਪਾਰਕਿੰਗ ਵਾਲੀ ਥਾਂ ਵਿੱਚ ਫੂਡ ਡਿਲਿਵਰੀ ਕਰਨ ਵਾਲੇ ਦੀ ਉਡੀਕ ਕਰ ਰਿਹਾ ਸੀ, ਜਦੋਂ ਇਹ ਵਾਰਦਾਤ ਹੋਈ।

ਢੀਂਡਵਾਲ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ, “ਜਦੋਂ ਮੈਨੂੰ ਡਿਲੀਵਰੀ ਬੋਆਏ ਦਾ ਫੋਨ ਆਇਆ ਤਾਂ ਮੈਂ ਬਾਹਰ ਖੜ੍ਹਾ ਸੀ ਤੇ ਉਸ ਨੂੰ ਆਪਣਾ ਟਿਕਾਣਾ ਸਮਝਾ ਰਿਹਾ ਸੀ। ਇਸ ਦੌਰਾਨ ਮੀਂਹ ਸ਼ੁਰੂ ਹੋ ਗਿਆ। ਮੈਂ ਆਪਣੇ ਆਪ ਨੂੰ ਢੱਕਣ ਲਈ ਡਰਾਈਵਰ ਸਾਇਡ ਵਾਲਾ ਦਰਵਾਜ਼ਾ ਖੋਲ੍ਹਿਆ। ਅਚਾਨਕ ਇੱਕ ਵਿਅਕਤੀ ਆਇਆ ਤੇ ਉਸ ਨੇ ਆਪਣਾ ਹੱਥ ਦਰਵਾਜ਼ੇ 'ਤੇ ਰੱਖਿਆ ਤਾਂ ਇੱਕ ਹੋਰ ਨੇ ਮੈਨੂੰ ਪਿੱਛੇ ਤੋਂ ਫੜ ਲਿਆ ਤੇ ਮੈਨੂੰ ਧੱਕਾ ਦਿੱਤਾ।”

ਇਸੇ ਦੌਰਾਨ ਉਨ੍ਹਾਂ ਦੇ ਤੀਜੇ ਸਾਥੀ ਨੇ ਪੀੜਤ ਵਿਅਕਤੀ ਵੱਲ ਪਿਸਤੌਲ ਤਾਣੀ ਤੇ ਉਸ ਨੂੰ ਸੁੱਟ ਦਿੱਤਾ। ਇਸ ਤੋਂ ਬਾਅਦ ਤਿੰਨੇ ਕਾਰ ਵਿੱਚ ਸਵਾਰ ਹੋ ਕੇ ਪੰਚਕੂਲਾ ਵੱਲ ਭੱਜ ਗਏ।

ਢੀਂਡਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਬਟੂਆ, ਕੁਝ ਨਗਦੀ, ਦਸਤਾਵੇਜ਼, ਲੈਪਟਾਪ ਤੇ ਮੋਬਾਈਲ ਫੋਨ ਕਾਰ ਵਿੱਚ ਸੀ। ਪੁਲਿਸ ਨੇ ਉਹ ਫੋਨ ਬਰਾਮਦ ਕਰ ਲਿਆ, ਜੋ ਅਪਰਾਧ ਵਾਲੀ ਥਾਂ ਤੋਂ ਥੋੜੀ ਦੂਰੀ 'ਤੇ ਸੁੱਟਿਆ ਗਿਆ ਸੀ।

ਆਈਟੀ ਪਾਰਕ ਥਾਣੇ ਵਿੱਚ ਆਰਮਜ਼ ਐਕਟ ਤੋਂ ਇਲਾਵਾ ਭਾਰਤੀ ਦੰਡਾਵਲੀ ਦੀ ਧਾਰਾ 392 ਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਲਾਕੇ ਦੀਆਂ ਸੀਸੀਟੀਵੀ ਫੁਟੇਜਾਂ ਦੀ ਪੜਤਾਲ ਕਰਨ ਤੋਂ ਬਾਅਦ ਲੁਟੇਰਿਆਂ ਦਾ ਪਤਾ ਲਾਉਣ ਲਈ ਕਈ ਟੀਮਾਂ ਭੇਜੀਆਂ ਗਈਆਂ ਹਨ।