ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਸੂਬੇ ਦੀ ਮੰਡੀ ਲੋਕ ਸਭਾ ਸੀਟ ਕਾਂਗਰਸ ਨੇ ਜਿੱਤ ਲਈ ਹੈ। ਇਸ ਦੇ ਨਾਲ ਹੀ ਤਿੰਨ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਅੱਗੇ ਚਲ ਰਹੀ ਹੈ। ਮੰਡੀ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਤਿਭਾ ਸਿੰਘ ਨੇ ਭਾਜਪਾ ਉਮੀਦਵਾਰ ਖੁਸ਼ਹਾਲ ਠਾਕੁਰ ਨੂੰ 8766 ਵੋਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਜੈ ਰਾਮ ਠਾਕੁਰ ਸਰਕਾਰ ਦੀ ਚਿੰਤਾ ਵਧ ਗਈ ਹੈ।



ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੀ ਇੱਕ ਲੋਕ ਸਭੀ ਸੀਟ ਤੇ ਤਿੰਨ ਵਿਧਾਨ ਸਭਾ ਸੀਟਾਂ ਉੱਪਰ ਜ਼ਿਮਨੀ ਚੋਣ ਹੋਈ ਹੈ। ਹਿਮਾਚਲ ਵਿੱਚ ਬੀਜੇਪੀ ਦੀ ਸਰਕਾਰ ਹੈ। ਇਸ ਲਈ ਅਕਸਰ ਹੀ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਉਹ ਜ਼ਿਮਨੀ ਚੋਣ ਜਿੱਤਦੀ ਹੈ ਪਰ ਚੋਣ ਨਤੀਜਿਆਂ ਨੇ ਬੀਜੇਪੀ ਨੂੰ ਹੈਰਾਨ ਕਰ ਦਿੱਤਾ ਹੈ।

ਦੇਸ਼ ਦੀਆਂ ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ। 13 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਵਿੱਚ ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ 30 ਅਕਤੂਬਰ ਨੂੰ ਪਈਆਂ ਸਨ।

ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਅਸਾਮ (5), ਪੱਛਮੀ ਬੰਗਾਲ (4), ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਮੇਘਾਲਿਆ (3-3), ਬਿਹਾਰ, ਕਰਨਾਟਕ ਤੇ ਰਾਜਸਥਾਨ (2-2), ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਤੇ ਤਿਲੰਗਾਨਾ (ਇੱਕ-ਇਕੱ) ਵਿੱਚ ਹੋਈਆਂ ਸਨ।