ਮੁੰਬਈ: ਮਹਾਰਾਸ਼ਟਰ ਦੀ ਸਿਆਸਤ 'ਚ ਭੂਚਾਲ ਆ ਗਿਆ ਹੈ। ਕੇਂਦਰੀ ਏਜੰਸੀਆਂ ਨੇ ਅਨਿਲ ਦੇਸ਼ਮੁੱਖ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਪ ਮੁੱਖ ਮੰਤਰੀ ਅਜੀਤ ਪਵਾਰ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਮਦਨ ਕਰ ਵਿਭਾਗ ਨੇ ਪਵਾਰ ਦੀਆਂ ਪੰਜ ਸੰਪਤੀਆਂ ਨੂੰ ਜ਼ਬਤ ਕਰਨ ਦੇ ਹੁਕਮ ਦਿਤੇ ਹਨ, ਇਹ ਸੰਪਤੀਆਂ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਹਨ।

ਦੱਸ ਦਈਏ ਕਿ ਅਜੀਤ ਪਵਾਰ ਲੰਬੇ ਸਮੇਂ ਤੋਂ ਆਮਦਨ ਕਰ ਵਿਭਾਗ ਦੇ ਨਿਸ਼ਾਨੇ ’ਤੇ ਸਨ। ਆਮਦਨ ਕਰ ਵਿਭਾਗ ਨੇ ਪਿਛਲੇ ਮਹੀਨੇ ਦੋ ਰੀਅਲ ਅਸਟੇਟ ਗਰੁੱਪ ਤੇ ਅਜੀਤ ਪਵਾਰ ਦੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਛਾਪੇ ਮਾਰ ਕੇ 184 ਕਰੋੜ ਰੁਪਏ ਦੀਆਂ ਬੇਹਿਸਾਬ ਸੰਪਤੀਆਂ ਦਾ ਪਤਾ ਲਾਇਆ ਸੀ।

ਦੱਸ ਦਈਏ ਕਿ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ’ਤੇ 100 ਕਰੋੜ ਰੁਪਏ ਦੀ ਵਸੂਲੀ ਕਰਨ ਦੇ ਦੋਸ਼ ਲੱਗੇ ਸਨ। ਉਨ੍ਹਾਂ ਨੂੰ ਜਾਂਚ ਟੀਮ ਵੱਲੋਂ ਕਈ ਵਾਰ ਸੰਮਨ ਭੇਜੇ ਗਏ ਸਨ ਪਰ ਉਹ ਜਾਂਚ ਵਿਚ ਸ਼ਾਮਲ ਨਹੀਂ ਹੋਏ। ਈਡੀ ਨੇ ਉਨ੍ਹਾਂ ਨੂੰ ਪਹਿਲੀ ਨਵੰਬਰ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਸੀ ਤੇ ਉਨ੍ਹਾਂ ਤੋਂ 12 ਘੰਟੇ ਪੁੱਛਗਿੱਛ ਕੀਤੀ ਗਈ ਪਰ ਉਨ੍ਹਾਂ ਕਿਸੇ ਵੀ ਸਵਾਲ ਦਾ ਤਸੱਲਬਖ਼ਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮਾਰਚ ਵਿਚ ਪਰਮਬੀਰ ਸਿੰਘ ਨੂੰ ਮੁੰਬਈ ਪੁਲਿਸ ਦੇ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇਸ਼ਮੁੱਖ ’ਤੇ ਦੋਸ਼ ਲਾਏ ਸਨ ਕਿ ਉਹ ਹਰ ਮਹੀਨੇ 100 ਕਰੋੜ ਰੁਪਏ ਦੀ ਮੰਗ ਕਰਦੇ ਸਨ ਤੇ ਪੁਲਿਸ ਟਰਾਂਸਫਰਾਂ ਲਈ ਵੀ ਪੈਸੇ ਮੰਗਦੇ ਸਨ। ਈਡੀ ਨੇ ਗ੍ਰਿਫਤਾਰੀ ਤੋਂ ਪਹਿਲਾਂ ਦੇਸ਼ਮੁੱਖ ਦੇ ਬਿਆਨ ਦਰਜ ਕਰ ਲਏ ਹਨ।

 ਇਹ ਵੀ ਪੜ੍ਹੋ: OLA Car: ਇਲੈਕਟ੍ਰਿਕ ਸਕੂਟਰਾਂ ਮਗਰੋਂ OLA ਦਾ ਨਵਾਂ ਧਮਾਕਾ, ਹੁਣ ਕਾਰਾਂ 'ਤੇ ਇੱਕ ਲੱਖ ਰੁਪਏ ਦੀ ਛੋਟ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904