Bypolls 2025: ਚੋਣ ਕਮਿਸ਼ਨ ਨੇ ਲੁਧਿਆਣਾ ਵੈਸਟ ਸੀਟ 'ਤੇ 19 ਜੂਨ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸਦੇ ਨਾਲ ਹੀ 4 ਹੋਰ ਰਾਜਾਂ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਵੀ 19 ਜੂਨ ਨੂੰ ਹੀ ਜ਼ਿਮਨੀ ਚੋਣਾਂ ਹੋਣਗੀਆਂ। ਇਹ ਉਪਚੋਣ 3 ਵਿਧਾਇਕਾਂ ਦੇ ਦੇਹਾਂਤ ਅਤੇ 2 ਦੇ ਅਸਤੀਫਿਆਂ ਕਾਰਨ ਕਰਵਾਈਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੋਂ ਬਾਅਦ ਲੁਧਿਆਣਾ ਵੈਸਟ ਸੀਟ 'ਤੇ ਜ਼ਿਮਨੀ ਚੋਣ ਹੋਏਗੀ। ਇਸਦੇ ਇਲਾਵਾ ਗੁਜਰਾਤ ਦੀਆਂ 2, ਪੱਛਮੀ ਬੰਗਾਲ ਅਤੇ ਕੇਰਲ ਦੀ ਇੱਕ-ਇੱਕ ਸੀਟ 'ਤੇ ਵੀ 19 ਜੂਨ ਨੂੰ ਜ਼ਿਮਨੀ ਚੋਣਾਂ ਹੋਣਗੀਆਂ।

ਪਾਰਟੀਆਂ ਨੇ ਪ੍ਰਚਾਰ ਲਈ ਕੱਸ ਲਈ ਕਮਰ

ਲੁਧਿਆਣਾ ਵੈਸਟ ਵਿਧਾਨ ਸਭਾ ਹਲਕੇ 'ਚ ਆਉਣ ਵਾਲੇ ਜ਼ਿਮਨੀ ਚੋਣਾਂ ਲਈ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦੀ ਘੋਸ਼ਣਾ ਕੀਤੀ ਸੀ। ਉਸ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਹ ਤਿੰਨੇ ਉਮੀਦਵਾਰ ਹੁਣ ਤੱਕ ਆਪਣੀ-ਆਪਣੀ ਰਣਨੀਤੀ ਅਨੁਸਾਰ ਇਲਾਕੇ 'ਚ ਚੋਣ ਪ੍ਰਚਾਰ ਕਰ ਰਹੇ ਹਨ। ਪਰ ਭਾਜਪਾ ਨੇ ਹਜੇ ਤੱਕ ਆਪਣੇ ਉਮੀਦਵਾਰ ਦੀ ਘੋਸ਼ਣਾ ਨਹੀਂ ਕੀਤੀ। ਇਸ ਕਾਰਨ ਭਾਜਪਾ ਨੂੰ ਚੋਣ ਪ੍ਰਚਾਰ ਲਈ ਸਭ ਤੋਂ ਘੱਟ ਸਮਾਂ ਮਿਲੇਗਾ।

 

ਵਧੀਕ ਮੁੱਖ ਚੋਣ ਅਧਿਕਾਰੀ (ਏ.ਸੀ.ਈ.ਓ.) ਹਰੀਸ਼ ਨਈਅਰ ਨੇ 26 ਮਈ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤਾਂ ਜੋ ਉਨ੍ਹਾਂ ਨੂੰ ਲੁਧਿਆਣਾ ਪੱਛਮੀ ਦੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ, ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹੋਰ ਮਹੱਤਵਪੂਰਨ ਚੋਣ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਜਾ ਸਕੇ।

ਇਸ ਦਿਨ ਪੈਣਗੀਆਂ ਵੋਟਾਂ

ਜ਼ਿਮਨੀ ਚੋਣਾਂ ਸਬੰਧੀ ਜਾਰੀ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਨਈਅਰ ਨੇ ਦੱਸਿਆ ਕਿ ਜ਼ਿਮਨੀ ਚੋਣਾਂ ਦਾ ਨੋਟੀਫਿਕੇਸ਼ਨ 26 ਮਈ (ਸੋਮਵਾਰ) ਨੂੰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 2 ਜੂਨ ਹੈ ਅਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ 3 ਜੂਨ ਨੂੰ ਕੀਤੀ ਜਾਵੇਗੀ ਜਦੋਂ ਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 5 ਜੂਨ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ।  

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।