ਵੈਨਕੂਵਰ: ਕੈਨੇਡਾ ਜਾਣ ਵਾਲਿਆਂ ਲਈ ਅਹਿਮ ਖਬਰ ਹੈ। ਕੋਰੋਨਾਵਾਇਰਸ ਦੇ ਤਾਜ਼ਾ ਮਾਮਲਿਆਂ ਕਰਕੇ ਕੈਨੇਡਾ ਸਰਕਾਰ ਨੇ ਦੇਸ਼ ਤੋਂ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਕੁਝ ਸਖਤ ਫੈਸਲੇ ਲਈ ਹਨ। ਹੁਣ ਕੌਮਾਂਤਰੀ ਹਵਾਈ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਉਪਰੰਤ ਕੋਵਿਡ-19 ਦਾ ਟੈਸਟ ਲਾਜ਼ਮੀ ਤੌਰ ’ਤੇ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਯਾਤਰੀਆਂ ਨੂੰ ਤਿੰਨ ਦਿਨਾਂ ਤੱਕ ਆਪਣੇ ਟੈਸਟ ਦੇ ਨਤੀਜਿਆਂ ਦੀ ਉਡੀਕ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲਾਂ ’ਚ ਰਹਿ ਕੇ ਕਰਨੀ ਹੋਵੇਗੀ।
ਹਾਸਲ ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਨੇ ਕੁਝ ਹੋਟਲਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਸਰਕਾਰੀ ਵੈੱਬਸਾਈਟ ਅਨੁਸਾਰ ਇਹ ਹੋਟਲ ਚਾਰ ਕੈਨੇਡੀਅਨ ਸ਼ਹਿਰਾਂ ਵੈਨਕੂਵਰ, ਕੈਲਗਰੀ, ਟੋਰਾਂਟੋ ਤੇ ਮਾਂਟਰੀਅਲ ਵਿੱਚ ਹਨ, ਜਿੱਥੇ ਇਸ ਸਮੇਂ ਕੌਮਾਂਤਰੀ ਹਵਾਈ ਯਾਤਰੀਆਂ ਨੂੰ ਆਉਣ ਦੀ ਆਗਿਆ ਹੈ।
ਤਿੰਨ ਦਿਨ ਇਕਾਂਤਵਾਸ ਕਰਨ ਲਈ ਸਰਕਾਰੀ-ਅਧਿਕਾਰਤ ਹੋਟਲਾਂ ਦੀ ਸੂਚੀ ਅਨੁਸਾਰ ਵੈਸਟਿਨ ਵਾਲ ਸੈਂਟਰ ਵੈਨਕੂਵਰ ਏਅਰਪੋਰਟ, ਅਕਲੇਮ ਤੇ ਮੈਰੀਅਟ ਹੋਟਲ ਕੈਲਗਰੀ, ਏਐਲਟੀ ਹੋਟਲ, ਫੌਰ ਪੁਆਇੰਟ ਸ਼ੈਰਟਨ ਤੇ ਐਲੀਮੈਂਟ ਹੋਟਲ, ਹੌਲੀਡੇ ਇਨ ਤੇ ਸ਼ੈਰਟਨ ਗੇਟਵੇਅ ਹੋਟਲ ਟੋਰਾਂਟੋ ਪੀਅਰਸਨ ਏਅਰਪੋਰਟ ਜਦਕਿ ਮਾਂਟਰੀਅਲ ਪੀਅਰੇ-ਏਲੀਅਟ ਟਰੂਡੋ ਕੌਮਾਂਤਰੀ ਏਅਰਪੋਰਟ ’ਤੇ ਅਲੌਫਟ, ਕ੍ਰਾਊਨ, ਹੌਲੀਡੇਅ ਵਨ ਐਕਸਪ੍ਰੈੱਸ, ਤੇ ਮੈਰੀਅਟ ਇਨ ਇਸ ਵਿੱਚ ਸ਼ਾਮਲ ਹਨ।
ਉਨ੍ਹਾਂ ਮੁਤਾਬਕ ਇਹ ਅੰਤਿਮ ਸੂਚੀ ਨਹੀਂ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਹੋਟਲ ਵੀ ਇਸ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਯਾਤਰੀਆਂ ਨੂੰ ਆਪਣੇ ਹੋਟਲ ਬੁੱਕ ਕਰਵਾਉਣ ਲਈ ਫੋਨ ਨੰਬਰ 1-800-294-8253 (ਟੋਲ ਫਰੀ ਉੱਤਰੀ ਅਮਰੀਕਾ ’ਚ) ਤੇ 1-613-830-2992 (ਉੱਤਰੀ ਅਮਰੀਕਾ ਤੋਂ ਬਾਹਰੋਂ) ’ਤੇ ਫੋਨ ਕਰਨਾ ਪਵੇਗਾ, ਜਿਸ ਦੇ ਜਵਾਬ ’ਚ ਸਰਕਾਰ ਵੱਲੋਂ ਬੁਕਿੰਗ ਦੇ 4 ਘੰਟਿਆਂ ਦੇ ਅੰਦਰ ਯਾਤਰੀ ਨੂੰ ਪੁਸ਼ਟੀ ਲਈ ਈਮੇਲ ਭੇਜ ਦਿੱਤੀ ਜਾਵੇਗੀ।