ਨਵੀਂ ਦਿੱਲੀ: ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕੇਂਦਰੀ ਖੇਤੀਬਾੜੀ ਮੰਤਰੀ 'ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਜਦੋਂ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਸਰਕਾਰਾਂ ਬਦਲ ਜਾਂਦੀਆਂ ਹਨ। ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਬੀਤੇ ਦਿਨ ਆਖਿਆ ਸੀ ਕਿ ਸਿਰਫ ਭੀੜ ਜਮ੍ਹਾ ਹੋਣ ਨਾਲ ਕਾਨੂੰਨ ਰੱਦ ਨਹੀਂ ਹੋਣਗੇ। 
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਮੁੜ ਚੇਤਾਵਨੀ ਦਿੱਤੀ ਕਿ ਜੇਕਰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਸਰਕਾਰ ਲਈ ਸੱਤਾ ਵਿੱਚ ਰਹਿਣਾ ਔਖਾ ਹੋ ਜਾਵੇਗਾ। ਟਿਕੈਤ ਦਾ ਇਹ ਬਿਆਨ ਸੋਨੀਪਤ ਜ਼ਿਲ੍ਹੇ ਦੇ ਖਰਖੌਦਾ 'ਚ ਬਣੀ ਦਾਣਾ ਮੰਡੀ ਤੋਂ ਆਇਆ ਹੈ। ਇੱਥੇ ਮਹਾਂਪੰਚਾਇਤ ਦੌਰਾਨ ਬੋਲਦਿਆਂ ਟਿਕੈਤ  ਨੇ ਕਿਹਾ ਕਿ ਜਿੰਨੀ ਦੇਰ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਕਿਸਾਨ ਅੰਦੋਲਨ ਜਾਰੀ ਰਹੇਗਾ।


ਟਿਕੈਤ ਨੇ ਕਿਹਾ ਕਿ ਨੇਤਾ ਲੋਕ ਆਖ ਰਹੇ ਹਨ ਕਿ ਭੀੜ ਇਕੱਠੀ ਹੋਣ ਨਾਲ ਕਾਨੂੰਨ ਵਾਪਿਸ ਨਹੀਂ ਹੋ ਸਕਦੇ, ਜਦਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭੀੜ ਤਾਂ ਸੱਤਾ ਬਦਲਣ ਦਾ ਦਮ ਰੱਖਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਤਾਂ ਕਿਸਾਨਾ ਨੇ ਸਿਰਫ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਹੈ ਨਾ ਕਿ ਸੱਤਾ ਵਾਪਸ ਲੈਣ ਬਾਰੇ ਕੁਝ ਕਿਹਾ ਹੈ।


ਕਿਸਾਨ ਲੀਡਰ ਨੇ ਇਹ ਵੀ ਕਿਹਾ, "ਸਵਾਲ ਸਿਰਫ ਖੇਤੀ ਕਾਨੂੰਨਾਂ ਦਾ ਨਹੀਂ ਹੈ ਬਲਕਿ ਬਿਜਲੀ (ਸੋਧ) ਬਿਲ, ਬੀਜ ਬਿਲ ਦਾ ਵੀ ਹੈ, ਉਹ ਕਿੱਦਾਂ ਦੇ ਕਾਨੂੰਨ ਲਿਆਉਣਾ ਚਾਹੁੰਦੇ ਹਨ?" ਟਿਕੈਤ ਨੇ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਵੀ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ। ਟਿਕੈਤ ਨੇ ਕਿਹਾ ਕਿ ਜਦੋਂ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਸਬੰਧੀ ਕਾਨੂੰਨ ਬਣੇਗਾ ਓਦੋਂ ਹੀ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇਗਾ।