ਮੋਦੀ ਸਰਕਾਰ ਦੇ ਬਜਟ ਤੋਂ ਕੈਪਟਨ ਕਿਉਂ ਨਾਖੁਸ਼..!
ਏਬੀਪੀ ਸਾਂਝਾ | 05 Jul 2019 08:23 PM (IST)
ਕੈਪਟਨ ਨੇ ਕਿਹਾ ਕਿ ਐਨਡੀਏ ਸਰਕਾਰ ਦੇਸ਼ ਦੀ ਸੁਰੱਖਿਆ ਨੂੰ ਖ਼ਤਰਿਆਂ ਦਾ ਪ੍ਰਚਾਰ ਕਰ ਕੇ ਸੱਤਾ ਵਿੱਚ ਆਈ ਪਰ ਦੇਸ ਦੇ ਰਾਖਿਆਂ ਲਈ ਸਿਰਫ ਬਜਟ ਵਿੱਚ 6.5% ਵਾਧਾ ਕੀਤਾ। ਕੈਪਟਨ ਮੁਤਾਬਕ ਇੰਨਾ ਵਾਧਾ ਹਥਿਆਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੀ ਕਾਫੀ ਨਹੀਂ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੂਜੀ ਵਾਰ ਸੱਤਾ ਵਿੱਚ ਆਈ ਮੋਦੀ ਸਰਕਾਰ ਦੇ ਬਜਟ 'ਤੇ ਨਾਖੁਸ਼ੀ ਪ੍ਰਗਟਾਈ ਹੈ। ਕੈਪਟਨ ਨੇ ਬਜਟ ਵਿੱਚ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ, ਜਲ ਸੰਕਟ, ਖੇਤੀਬਾੜੀ ਤੇ ਰੱਖਿਆ ਖੇਤਰ ਨੂੰ ਅਣਗੌਲਿਆ ਕਰਨ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2019-20 ਲਈ ਕੇਂਦਰੀ ਬਜਟ ਨਾਲ ਸਮਾਜ ਦੇ ਕਿਸੇ ਵੀ ਵਰਗ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਿਰਫ ਲੰਮੀਆਂ ਗੱਲਾਂ ਹੀ ਸਨ ਜਦਕਿ ਲਾਗੂ ਕਰਨ 'ਤੇ ਇਸ ਵਿੱਚ ਕੁਝ ਖ਼ਾਸ ਨਹੀਂ ਨਿੱਕਲਣ ਵਾਲਾ। ਕੈਪਟਨ ਨੇ ਕਿਹਾ ਕਿ ਐਨਡੀਏ ਸਰਕਾਰ ਦੇਸ਼ ਦੀ ਸੁਰੱਖਿਆ ਨੂੰ ਖ਼ਤਰਿਆਂ ਦਾ ਪ੍ਰਚਾਰ ਕਰ ਕੇ ਸੱਤਾ ਵਿੱਚ ਆਈ ਪਰ ਦੇਸ ਦੇ ਰਾਖਿਆਂ ਲਈ ਸਿਰਫ ਬਜਟ ਵਿੱਚ 6.5% ਵਾਧਾ ਕੀਤਾ। ਕੈਪਟਨ ਮੁਤਾਬਕ ਇੰਨਾ ਵਾਧਾ ਹਥਿਆਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੀ ਕਾਫੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿੱਚ ਖੇਤੀਬਾੜੀ ਸੈਕਟਰ ਲਈ ਵੀ ਕੋਈ ਖਾਸ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਆਮ ਬਜਟ ਵਿੱਚ ਨਾ ਕਿਸਾਨੀ ਕਰਜ਼ੇ ਮੁਆਫ਼ ਕਰਨ ਅਤੇ ਨਾ ਹੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਬਾਰੇ ਵੀ ਕੋਈ ਐਲਾਨ ਨਹੀਂ ਕੀਤਾ ਗਿਆ। ਕੈਪਟਨ ਨੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਉਣ ਅਤੇ ਸੈੱਸ ਲਾਉਣ ਦੀ ਵੀ ਨਿਖੇਧੀ ਕੀਤੀ।