ਕੈਪਟਨ ਦਾ ਜਵਾਬ, ਦਿੱਲੀ 'ਚ ਜੋ ਮਰਜ਼ੀ ਕਰੋ, ਪੰਜਾਬ 'ਚ ਨਹੀਂ 'ਆਪ' ਨਾਲ ਕੋਈ ਗਠਜੋੜ
ਏਬੀਪੀ ਸਾਂਝਾ | 18 Mar 2019 01:06 PM (IST)
ਚੰਡੀਗੜ੍ਹ: ਦਿੱਲੀ ਤੇ ਹਰਿਆਣਾ ਵਿੱਚ ਖਿੱਚੋਤਾਣ ਮਗਰੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਸਮਝੌਤੇ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਉੱਧਰ ਪੰਜਾਬ ਵਿੱਚ ਗਠਜੋੜ ਦੀਆਂ ਸੰਭਾਵਨਾਵਾਂ ਤਲਾਸ਼ ਰਹੀ 'ਆਪ' ਬਾਰੇ ਕਾਂਗਰਸ ਨੇ ਕੋਈ ਬਦਲਾਅ ਨਾ ਕਰਨ ਦੀ ਗੱਲ ਦੁਹਰਾਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੁਝ ਵੀ ਹੋਵੇ ਪਰ ਪੰਜਾਬ ਵਿੱਚ 'ਆਪ' ਨਾਲ ਗਠਜੋੜ ਨਹੀਂ ਹੋਵੇਗਾ। ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਆਪਣੇ ਬਲਬੂਤੇ ਚੋਣ ਲੜੇਗੀ ਤੇ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਵੀ ਹੋਵੇ ਪਰ ਇਸ ਦਾ ਅਸਰ ਪੰਜਾਬ 'ਤੇ ਨਹੀਂ ਪਵੇਗਾ। ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦਾ ਵੀ ਇਹੋ ਕਹਿਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾ ਹੀ ਕੋਈ ਗੱਲਬਾਤ ਹੈ ਤੇ ਨਾ ਹੀ ਸੰਭਾਵਨਾ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਖੇਰੂੰ-ਖੇਰੂੰ ਹੋ ਚੁੱਕੀ ਹੈ ਤੇ ਆਪਣੀ ਸਾਖ ਬਚਾਉਣ ਲਈ ਜੱਦੋ-ਜਹਿਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਮੇਤ ਹੋਰ ਕਿਸੇ ਸੂਬੇ ਵਿੱਚ 'ਆਪ' ਨਾਲ ਸਮਝੌਤਾ ਹੋ ਜਾਵੇ, ਪਰ ਇਸ ਦਾ ਪੰਜਾਬ ਵਿੱਚ ਭੋਰਾ ਵੀ ਅਸਰ ਨਹੀਂ ਹੋਵੇਗਾ।