ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੈਲੀਫੋਨ ਰਾਹੀਂ ਦਿੱਲੀ ਪੁਲਿਸ ਦੀ ਕੁੱਟਮਾਰ ਦੇ ਸ਼ਿਕਾਰ ਸਿੱਖ ਆਟੋ ਡਰਾਈਵਰ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਸਰਬਜੀਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਦੀ ਵੀ ਮਦਦ ਦੀ ਜ਼ਰੂਰਤ ਹੋਵੇਗੀ, ਪੰਜਾਬ ਸਰਕਾਰ ਉਨ੍ਹਾਂ ਨੂੰ ਜ਼ਰੂਰ ਮਦਦ ਪਹੁੰਚਾਏਗੀ। ਹਾਲਾਂਕਿ ਕੈਪਟਨ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਤੇ ਗੁਰਜੀਤ ਔਜਲਾ ਨੇ ਦਿੱਲੀ ਵਿੱਚ ਸਰਬਜੀਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆ।


ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਮਨਜਿੰਦਰ ਸਿਰਸਾ ਨਾਲ ਵੀ ਇਸ ਮਸਲੇ 'ਤੇ ਗੱਲਬਾਤ ਕੀਤੀ ਹੈ। ਸਿਰਸਾ ਲਗਾਤਾਰ ਸਰਬਜੀਤ ਸਿੰਘ ਨਾਲ ਹੋਈ ਧੱਕੇਸ਼ਾਹੀ ਦੇ ਮਸਲੇ 'ਤੇ ਪੁਲਿਸ ਖਿਲਾਫ਼ ਆਵਾਜ਼ ਚੁੱਕਣ ਦਾ ਦਾਅਵਾ ਕਰ ਰਹੇ ਹਨ।

ਦੱਸ ਦੇਈਏ ਸਰਬਜੀਤ ਸਿੰਘ ਨੇ ਸੀਸੀਟੀਵੀ ਫੁਟੇਜ਼ ਵਿੱਚ ਉਨ੍ਹਾਂ ਨੂੰ ਕੁੱਟਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰ ਲਈ ਹੈ। ਇਸ ਤੋਂ ਬਾਅਦ ਸੀਸੀਟੀਵੀ ਵਿੱਚ ਨਜ਼ਰ ਆ ਰਹੇ ਸਾਰੇ ਪੁਲਿਸ ਮੁਲਾਜ਼ਮਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਸਰਬਜੀਤ ਸਿੰਘ 'ਤੇ ਕਰਾਸ FIR ਦਰਜ ਰਹੇਗੀ। ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਜੀਤ ਸਿੰਘ ਦਾ ਕੇਸ ਲੜੇਗੀ।

ਦੱਸ ਦੇਈਏ ਸਰਬਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਬਲਵੰਤ ਸਿੰਘ ਦੀ ਦਿੱਲੀ ਪੁਲਿਸ ਨੇ ਬੇਰਹਿਮੀ ਨਾਲ ਸੜਕ ਵਿਚਾਲੇ ਸ਼ਰ੍ਹੇਆਮ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਮਾਮਲੇ ਨੇ ਸਿਆਸੀ ਰੂਪ ਲੈ ਲਿਆ। ਇਸੇ ਸਬੰਧੀ ਦਿੱਲੀ ਵਿੱਚ ਕੱਲ੍ਹ ਰਾਤ ਸਿਰਸਾ 'ਤੇ ਹਮਲਾ ਹੋਇਆ।

ਦਰਅਸਲ ਇਸ ਦੌਰਾਨ ਮੁਖਰਜੀ ਥਾਣੇ ਬਾਹਰ ਸਿੱਖ ਤਬਕੇ ਦੇ ਲੋਕ ਧਰਨਾ ਦੇ ਕੇ ਪੀੜਤ ਸਿੱਖ ਸਰਬਜੀਤ ਸਿੰਘ ਖ਼ਿਲਾਫ਼ ਕੀਤੀ ਗਈ FIR ਦੀ ਕਾਪੀ ਮੰਗ ਰਹੇ ਸਨ ਤੇ ਮੁਲਜ਼ਮ ਪੁਲਿਸ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਦੀ ਮੰਗ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ FIR ਦੀ ਕਾਪੀ ਨਾ ਮਿਲੀ ਤਾਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਪਣੇ ਹੀ ਪ੍ਰਧਾਨ ਸਿਰਸਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।