ਸਿਰਸਾ: ਸਥਾਨਕ ਗੈਸਟ ਹਾਊਸ ਦੇ ਮੈਨੇਜਰ ਨੂੰ ਚਪੇੜ ਮਾਰਨ 'ਤੇ ਅਰਜੁਨ ਐਵਾਰਡੀ ਬੌਕਸਰ ਪੁਲਿਸ ਇੰਸਪੈਕਟਰ ਜੈ ਭਗਵਾਨ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਦਰਅਸਲ ਕਾਲਾਂਵਾਲੀ ਦੇ ਇੰਸਪੈਕਟਰ ਜੈ ਭਗਵਾਨ ਕਿਸੇ ਮਹਿਲਾ ਨੂੰ ਨਾਲ ਲੈ ਕੇ ਅਨਾਜ ਮੰਡੀ ਸਥਿਤ ਸੀਆਰਐਨ ਗੈਸਟ ਹਾਊਸ ਪੁੱਜੇ। ਇੱਥੇ ਜਦ ਉਨ੍ਹਾਂ ਨੂੰ ਕਮਰਾ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਨੇ ਮਾਮੂਲੀ ਤੂੰ-ਤੂੰ ਮੈਂ-ਮੈਂ ਬਾਅਦ ਮੈਨੇਜਰ ਨੂੰ ਚਪੇੜ ਮਾਰ ਦਿੱਤੀ।


ਦਰਅਸਲ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਮਾਮਲਾ ਸਾਹਮਣੇ ਆਉਣ ਬਾਅਦ ਪੁਲਿਸ ਨੇ ਜਾਂਚ ਕੀਤੀ ਜਿਸ ਵਿੱਚ ਇੰਸਪੈਕਟਰ ਜੈ ਭਗਵਾਨ ਨੂੰ ਦੋਸ਼ੀ ਪਾਇਆ ਗਿਆ। ਇਸ ਪਿੱਛੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਤੇ ਕਾਲਾਂਵਾਲੀ ਥਾਣੇ ਤੋਂ ਲਾਈਨ ਹਾਜ਼ਰ ਕਰ ਦਿੱਤਾ।

ਜਾਣਕਾਰੀ ਮੁਤਾਬਕ ਇੰਸਪੈਕਟਰ ਜੈ ਭਗਵਾਨ ਨੇ ਉਕਤ ਗੈਸਟ ਹਾਊਸ ਵਿੱਚ ਕਮਰਾ ਬੁੱਕ ਕਰਵਾਉਣਾ ਸੀ। ਉਹ ਦੇਰ ਰਾਤ ਕਰੀਬ 11:00 ਵਜੇ ਮਹਿਲਾ ਨੂੰ ਨਾਲ ਲੈ ਕੇ ਗੈਸਟ ਹਾਊਸ ਪੁੱਜੇ। ਮੈਨੇਜਰ ਨੇ ਮਹਿਲਾ ਦੀ ਆਈਡੀ ਮੰਗੀ ਪਰ ਜੋ ਆਈਡੀ ਮਹਿਲਾ ਨੇ ਦਿੱਤੀ, ਉਹ ਉਸ ਨਾਲ ਮੈਚ ਨਹੀਂ ਕਰ ਰਹੀ ਸੀ।

ਇਸ ਮਗਰੋਂ ਮੈਨੇਜਰ ਨੇ ਉਨ੍ਹਾਂ ਨੂੰ ਕਮਰਾ ਦੇਣੋਂ ਮਨ੍ਹਾ ਕਰ ਦਿੱਤਾ। ਇਸੇ ਗੱਲ 'ਤੇ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਝਗੜਾ ਵਧਦਾ ਵੇਖ ਇੰਸਪੈਕਟਰ ਜੈ ਭਗਵਾਨ ਨੇ ਮੈਨੇਜਰ ਨੂੰ ਚਪੇੜ ਜੜ੍ਹ ਦਿੱਤੀ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ। ਇਸ ਦੇ ਆਧਾਰ 'ਤੇ ਹੀ ਅਨਾਜ ਮੰਡੀ ਦੇ ਵਪਾਰੀਆਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।