ਨਵੀਂ ਦਿੱਲੀ: ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਪ੍ਰੋਗਰਾਮ 'ਚ ਕੈਪਟਨ ਅਮਰਿੰਦਰ ਸਿੰਘ ੍ਅਤੇ ਨਵਜੋਤ ਸਿੰਘ ਸਿੱਧੂ ਇੱਕਠੇ ਨਜ਼ਰ ਆ ਸਕਦੇ ਹਨ। ਮਹਾਤਮਾਂ ਗਾਂਧੀ ਦੇ 150ਵੇਂ ਜਨਮ ਦਿਨ ਅਤੇ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਡਾਂਡੀ ਮਾਰਚ ਦੇ 90ਵੀਂ ਵਰ੍ਹੇਗੰਢ ਤੇ ਏਆਈਸੀਸੀ ਨੇ ਦੇਸ਼ ਭਰ 'ਚ 12 ਮਾਰਚ ਤੋਂ 6 ਅਪ੍ਰੈਲ ਤੱਕ ਗਾਂਧੀ ਸੰਦੇਸ਼ ਯਾਤਰਾ ਪ੍ਰੋਗਰਾਮ ਅਯੋਜਿਤ ਕੀਤਾ ਹੈ।


ਇਸ ਦੇ ਤਹਿਤ ਪੰਜਾਬ, ਚੰਡੀਗੜ੍ਹ 'ਚ ਇਹ ਪ੍ਰੋਗਰਾਮ 4 ਅਪ੍ਰੈਲ ਨੂੰ ਅਯੋਜਿਤ ਕੀਤਾ ਜਾਵੇਗਾ ਅਤੇ 21 ਕਿਲੋਮੀਟਰ ਲੰਮੀ ਯਾਤਰਾ ਕੱਢੀ ਜਾਵੇਗੀ। ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆਸ਼ਾ ਕੁਮਾਰੀ, ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਰਾਜਾ ਬਰਾੜ, ਰਾਣਾ ਸੋਢੀ ਅਤੇ ਸੁਨੀਲ ਜਾਖੜ ਵਰਗੇ ਸੀਨੀਅਰ ਲੀਡਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਇਸ ਪ੍ਰੋਗਰਾਮ ਦੀ ਬਾਬਤ ਏਆਈਸੀਸੀ ਨੇ ਫੈਸਲਾ ਲਿਆ ਹੈ ਕਿ ਹਰ ਇੱਕ ਪ੍ਰਦੇਸ਼ ਕਾਂਗਰਸ ਕਮੇਟੀ ਆਪਣੀ ਸਮੂਚੀ ਲੀਡਰਸ਼ਿਪ ਦੇ ਨਾਲ ਇਸ ਯਾਤਰਾ 'ਚ ਹਿੱਸਾ ਲੈਣ।

ਇਹ ਯਾਤਰਾ 12 ਮਾਰਚ ਯਾਨੀ ਵੀਰਵਾਰ ਨੂੰ ਸਾਬਰਮਤੀ ਆਸ਼ਰਮ, ਅਹਿਮਦਾਬਾਦ ਤੋਂ ਸ਼ੁਰੂ ਹੋ ਕੇ ਦੇਸ਼ ਦੇ ਵੱਖ ਵੱਖ ਹਿਸਿੱਆਂ 'ਚ ਹੁੰਦੀ ਹੋਈ 4 ਅਪ੍ਰੈਲ ਨੂੰ ਪੰਜਾਬ ਪਹੁੰਚੇਗੀ ਅਤੇ  6 ਅਪ੍ਰੈਲ ਨੂੰ ਡਾਂਡੀ ਗੁਜਰਾਤ 'ਚ ਖਤਮ ਹੋਵੇਗੀ। ਇਹ ਯਾਤਰਾ 26 ਦਿਨਾਂ 'ਚ 386 ਕਿਲੋਮੀਟਰ ਦਾ ਫਾਸਲਾ ਤੈਅ ਕਰੇਗੀ।

ਹੁਣ ਵੇਖਣਾ ਇਹ ਹੋਵੇਗਾ ਕੀ ਲੰਮੇ ਸਮੇਂ ਤੋਂ ਨਰਾਜ਼ ਚੱਲ ਰਹੇ ਲੀਡਰ ਨਵਜੋਤ ਸਿੰਘ ਸਿੱਧੂ ਇਸ ਯਾਤਰਾ 'ਚ ਸ਼ਾਮਲ ਹੁੰਦੇ ਹਨ ਜਾਂ ਨਹੀਂ।