ਚੰਡੀਗੜ੍ਹ: ਸ਼ਿਮਲਾ ਦੇ ਝਾਕੜੀ ਥਾਣਾ ਖੇਤਰ ਵਿੱਚ ਦੇਰ ਸ਼ਾਮ ਇੱਕ ਕਾਰ ਖੱਡ ਦੇ ਤੇਜ਼ ਵਹਾਅ ਵਿੱਚ ਵਹਿ ਗਈ ਜਿਸ ਵਿੱਚ ਦੋ ਸਥਾਨਕ ਨਿਵਾਸੀ ਵੀ ਸਵਾਰ ਸਨ। ਕਾਰ ਵਿੱਚ ਸਵਾਰ ਦੋਵੇਂ ਜਣੇ ਖੱਡ ਵਿੱਚ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਪਛਾਣ 28 ਸਾਲਾ ਗਿਰੀ ਰਾਜ ਨਿਵਾਸੀ ਫਾਂਚਾ ਤੇ 26 ਸਾਲਾ ਮੁਕੇਸ਼ ਨਿਵਾਸੀ ਨਾਂਤੀ ਵਜੋਂ ਹੋਈ ਹੈ।

ਘਟਨਾ ਕੱਲ੍ਹ ਸ਼ਾਮ ਸਾਢੇ 6 ਵਜੇ ਵਾਪਰੀ। ਪੁਲਿਸ ਮੁਤਾਬਕ ਨੌਜਵਾਨ ਮਾਰੂਤੀ ਸਵਿਫਟ ਕਾਰ (HP 92- 0356) ਵਿੱਚ ਸਵਾਰ ਹੋ ਕੇ ਗਾਣਵੀ ਬਾਜ਼ਾਰ ਤੋਂ ਗੁਜ਼ਰ ਰਹੇ ਸਨ ਕਿ ਥੋੜਾ ਅੱਗੇ ਜਾ ਕੇ ਕਾਰ ਅਚਾਨਕ ਬੇਕਾਬੂ ਹੋ ਕੇ ਗਾਣਵੀ ਖੱਡ ਵਿੱਚ ਜਾ ਡਿੱਗੀ।

ਖੱਡ ਵਿੱਚ ਪਾਣੀ ਦਾ ਵਹਾਅ ਏਨਾ ਤੇਜ਼ ਸੀ ਕਿ ਕਾਰ ਉਸ ਵਿੱਚ ਵਹਿਣ ਲੱਗ ਪਈ। ਝਾਕੜੀ ਪੁਲਿਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਕਾਰ ’ਚ ਸਵਾਰ ਦੋਵਾਂ ਜਣਿਆਂ ਨੂੰ ਲੱਭਣ ਲਈ ਅਭਿਆਨ ਚਲਾਇਆ, ਪਰ ਅਜੇ ਤਕ ਦੋਵਾਂ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ।

ਥਾਣੇਦਾਰ ਵੀਰ ਸਿੰਘ ਨੇਗੀ ਨੇ ਦੱਸਿਆ ਕਿ ਕਾਰ ਖੱਡ ਵਿੱਚ ਪੱਥਰਾਂ ਵਿੱਚ ਫਸ ਗਈ। ਖੱਡ ਦਾ ਪਾਣੀ ਕਾਰ ਦੇ ਉੱਤੋਂ ਦੀ ਵਹਿ ਰਿਹਾ ਸੀ। ਸਿਰਫ ਕਾਰ ਦਾ ਟਾਇਰ ਹੀ ਦਿਖਾਈ ਦੇ ਰਿਹਾ ਸੀ। ਬੀਤੇ ਦਿਨ ਰਾਤ ਹੋਣ ’ਤੇ ਪੁਲਿਸ ਨੂੰ ਸਰਚ ਆਪਰੇਸ਼ਨ ਰੋਕਣਾ ਪਿਆ। ਅੱਜ ਸਵੇਰ ਤੋਂ ਹੀ ਦੋਵਾਂ ਜਣਿਆਂ ਦੀ ਭਾਲ ਜਾਰੀ ਹੈ।