ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਦਿਲ ਦਹਿਲਾਉਣ ਵਾਲਾ ਹਾਦਸਾ ਹੋਇਆ ਹੈ। ਅਕਸ਼ਰਧਾਮ ਫਲ਼ਾਈਓਵਰ ‘ਤੇ ਚੱਲਦੀ ਕਾਰ ਨੂੰ ਅੱਗ ਲੱਗ ਗਈ ਜਿਸ ‘ਚ ਤਿੰਨ ਲੋਕਾਂ ਦੀ ਜਿਊਂਦੇ ਸੜ ਕੇ ਮੌਤ ਹੋ ਗਈ। ਇਸ ਹਾਦਸੇ ‘ਚ ਮਰਨ ਵਾਲੇ ਇੱਕੋ ਪਰਿਵਾਰ ਦੇ ਸੀ ਜਿਸ ‘ਚ ਇੱਕ ਔਰਤ ਤੇ ਉਸ ਦੀਆਂ ਦੋ ਧੀਆਂ ਸ਼ਾਮਲ ਹਨ।


ਹਾਦਸੇ ‘ਚ ਆਦਮੀ ਖ਼ੁਦ ਨੂੰ ਅਤੇ ਆਪਣੀ ਇੱਕ ਹੋਰ ਧੀ ਨੂੰ ਬਚਾਉਣ ‘ਚ ਜ਼ਰੂਰ ਕਾਮਯਾਬ ਹੋ ਗਿਆ। ਇਸ ਦਰਦ ਘਟਨਾ ਦੇ ਵਾਪਰਣ ਦਾ ਸ਼ੱਕ ਕਾਰ ‘ਚ ਸੀਐਨਜੀ ਦੇ ਲੀਕ ਹੋਣ ਨੂੰ ਮੰਨਿਆ ਜਾ ਰਿਹਾ ਹੈ। ਪੀੜਤ ਉਪੇਂਦਰ ਆਪਣੀ ਤਿੰਨ ਧੀਆਂ ਅਤੇ ਪਤਨੀ ਨਾਲ ਦਿੱਲੀ ਦੇ ਕਾਲਕਾਜੀ ਜਾ ਰਹੇ ਸੀ।

ਉਪੇਂਦਰ ਨੇ ਦੱਸਿਆ ਕਿ ਉਸ ਨੇ ਕਾਰ ਫਲਾਈਓਵਰ ਦੇ ਵਿਚਕਾਰ ਖੜ੍ਹੀ ਨਹੀਂ ਕੀਤੀ ਅਤੇ ਚਲਾ ਕੇ ਪੁਲ ਦੇ ਕਿਨਾਰੇ 'ਤੇ ਲੈ ਗਿਆ। ਜੇਕਰ ਉਹ ਅਜਿਹਾ ਨਾ ਕਰਦਾ ਤਾਂ ਭੀੜ ਹੋਣ ਕਰਕੇ ਹੋਰ ਵੀ ਗੱਡੀਆਂ ਵੀ ਅੱਗ ਦੀ ਲਪੇਟ ਵਿੱਚ ਆ ਸਕਦੀਆਂ ਸਨ। ਉਸ ਨੇ ਪਹਿਲਾਂ ਆਪਣੀ ਸਾਈਡ ਦੀ ਸੀਟ ‘ਤੇ ਬੈਠੀ ਧੀ ਨੂੰ ਬਾਹਰ ਸੁਰੱਖਿਅਤ ਕੱਢਿਆ ਅਤੇ ਬਾਅਦ ‘ਚ ਉਸ ਨੇ ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਪਤਨੀ ਤੇ ਦੋ ਹੋਰ ਧੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮਯਾਬ ਰਿਹਾ।



ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਅੱਗ ਦੀਆਂ ਲਪਟਾਂ ਇੰਨੀਆਂ ਜ਼ਿਆਦਾ ਸੀ ਕਿ ਕਾਰ ਦੇ ਕੋਲ ਖੜ੍ਹੇ ਹੋਣਾ ਵੀ ਮੁਸ਼ਕਿਲ ਸੀ। ਭੀੜ ਜੇਕਰ ਉਪੇਂਦਰ ਨੂੰ ਅੱਗ ਤੋਂ ਦੂਰ ਨਾ ਕਰਦੀ ਤਾਂ ਉਹ ਵੀ ਇਸ ਅੱਗ ਦੀ ਚਪੇਟ ‘ਚ ਆ ਸਕਦਾ ਸੀ।

ਫਾਇਅਰਬਿਗ੍ਰੇਡ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਪਰ ਉਦੋਂ ਤਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਹਾਦਸੇ ਬਾਰੇ ਡੀਸੀਪੀ ਜਸਮੀਤ ਸਿੰਘ ਨੇ ਦੱਸਿਆ ਕੀ ਕਾਰ ‘ਚ ਪੰਜ ਲੋਕ ਸੀ ਜਿਨ੍ਹਾਂ ਚੋਂ ਤਿੰਨ ਦੀ ਮੌਤ ਹੋ ਗਈ ਹੈ ਅਤੇ ਇਹ ਹਾਸਦਾ ਸੀਐਨਜੀ ਲੀਕ ਹੋਣ ਕਰਕੇ ਵਾਪਰਿਆ ਹੋ ਸਕਦਾ ਹੈ, ਜਿਸ ਦੀ ਜਾਂਚ ਅਜੇ ਚੱਲ ਰਹੀ ਹੈ।