ਫ਼ਾਜ਼ਿਲਕਾ: ਭਾਰਤ-ਪਾਕਿ ਸਰਹੱਦ ਤੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਜ਼ਿਲ੍ਹੇ ਦੇ ਪਿੰਡ ਕੱਲਰ ਖੇੜਾ ਵਿੱਚ ਧਮਾਕਾ ਹੋਇਆ ਤਾਂ ਪਿੰਡ ਵਾਸੀ ਸਹਿਮ ਗਏ। ਭਾਰਤ-ਪਾਕਿਸਤਾਨ ਦਰਮਿਆਨ ਜਾਰੀ ਤਣਾਅ ਕਾਰਨ ਉਨ੍ਹਾਂ ਨੂੰ ਜੰਗ ਸ਼ੁਰੂ ਹੋਣ ਦਾ ਖ਼ਦਸ਼ਾ ਜਾਪਿਆ ਅਤੇ ਡਰਦੇ ਪਿੰਡ ਵਾਲਿਆਂ ਨੇ ਘਰਾਂ ਦੀਆਂ ਲਾਈਟਾਂ ਆਦਿ ਬੰਦ ਕਰਵਾ ਦਿੱਤੀਆਂ। ਕੁਝ ਇਹੋ ਜਿਹੀ ਬੰਬਨੁਮਾ ਸ਼ੱਕੀ ਵਸਤੂ ਰਾਜਸਥਾਨ ਵਿੱਚ ਵੀ ਡਿੱਗੀ।


ਐਤਵਾਰ ਦੇਰ ਰਾਤ ਨੂੰ ਪਿੰਡ ਨਿਵਾਸੀ ਹਰਦੇਵ ਸਿੰਘ ਦੇ ਪੰਜ ਕਮਰਿਆਂ ਵਾਲੇ ਮਕਾਨ ਦੇ ਇੱਕ ਕਮਰੇ ਵਿੱਚ ਛੱਤ 'ਤੇ ਅਚਾਨਕ ਕੋਈ ਧਮਾਕਾਖੇਜ ਚੀਜ਼ ਡਿੱਗ ਗਈ। ਇਸ ਨਾਲ ਕਮਰੇ ਵਿੱਚ ਧੂੰਆਂ ਭਰ ਗਿਆ। ਮਕਾਨ ਮਾਲਿਕ ਤੇ ਉਸ ਦੇ ਪਰਿਵਾਰਕ ਮੈਂਬਰ ਭੱਜ ਕੇ ਘਰੋਂ ਬਾਹਰ ਆਏ। ਉਨ੍ਹਾਂ ਇਸਦੀ ਸੂਚਨਾ ਗੁਆਂਢੀਆਂ ਤੇ ਪੁਲਿਸ ਨੂੰ ਦਿੱਤੀ।

ਮੌਕੇ 'ਤੇ ਪਹੁੰਚੀ ਪੁਲਿਸ ਨੇ ਪਿੰਡ ਦੀ ਘੇਰਾਬੰਦੀ ਕਰ ਫ਼ੌਜ ਨੂੰ ਸੱਦ ਲਿਆ। ਪੁਲਿਸ ਵੱਲੋਂ ਫ਼ੌਜ ਨਾਲ ਮਿਲ ਕੇ ਪਤਾ ਲਾਇਆ ਜਾ ਰਿਹਾ ਹੈ ਕਿ ਧਮਾਕਾ ਕਿਸ ਚੀਜ਼ ਨਾਲ ਹੋਇਆ। ਜ਼ਿਕਰਯੋਗ ਅਜਿਹਾ ਹੀ ਧਮਾਕਾ ਰਾਜਸਥਾਨ ਦੇ ਸ੍ਰੀਗੰਗਨਾਗਰ ਦੇ ਪਿੰਡ 3ਬੀ ਵਿੱਚ ਵੀ ਹੋਇਆ। ਫਾਜ਼ਿਲਕਾ ਤੋਂ ਇਹ ਥਾਂ ਤਕਰੀਬਨ 80 ਕਿਲੋਮੀਟਰ ਦੂਰ ਹੈ। ਦੋਵੇਂ ਥਾਵਾਂ 'ਤੇ ਵਾਪਰੀਆਂ ਘਟਨਾਵਾਂ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।