ਫਲਿਪਕਾਰਟ ’ਤੇ ਧੋਖਾਧੜੀ ਦਾ ਮਾਮਲਾ, ਪੌਣੇ ਤਿੰਨ ਸਾਲਾਂ ਬਾਅਦ ਦਰਜ ਹੋਈ FIR
ਏਬੀਪੀ ਸਾਂਝਾ | 18 Sep 2018 08:00 PM (IST)
ਖੰਨਾ: ਦੇਸ਼ ਦੀ ਨਾਮਵਾਰ ਈ-ਕਾਮਰਸ ਕੰਪਨੀ ਫਲਿਪਕਾਰਟ ਦੇ ਫਾਊਂਡਰਾਂ ਤੇ ਡਾਇਰੈਕਟਰਾਂ ਸਣੇ ਕੰਪਨੀ ਦੇ ਮੁਲਾਜ਼ਮਾਂ ਵਿਰੁੱਧ ਫਰਜ਼ੀ ਲੈਪਟਾਪ ਵੇਚਣ ਦੇ ਇਲਜ਼ਾਮ ਹੇਠ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਰਾਹਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਨਕਲੀ ਲੈਪਟਾਪ ਸਪਲਾਈ ਕਰਨ ਨਾਲ ਸਬੰਧਤ ਹੈ। ਸ਼ਿਕਾਇਤਕਰਤਾ ਸ਼ਿਵ ਨੰਦਨ ਕੁਮਾਰ ਵਿਨਾਇਕ ਵਾਸੀ ਦੋਰਾਹਾ ਜ਼ਿਲਾ ਲੁਧਿਆਣਾ ਦੀ ਸ਼ਿਕਾਇਤ ਦੇ ਆਧਾਰ ’ਤੇ ਲੰਮੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। FIR ਵਿੱਚ ਸਚਿਨ ਸੀਈਓ ਬਾਂਸਲ ਤੇ ਕਸਟਮਰ ਸਪੋਰਟ ਐਗਜ਼ੀਊਟਿਵ ਸੁਪਰਿਆ ਦੇ ਨਾਂ ਸ਼ਾਮਲ ਹਨ। 21 ਦਸੰਬਰ 2015 ਨੂੰ ਖੰਨਾ ਅਧੀਨ ਪੈਂਦੇ ਥਾਣਾ ਦੋਰਾਹਾ ਵਿੱਚ ਦਰਜ ਕੀਤੀ ਗਈ ਸ਼ਿਕਾਇਤ ਵਿੱਚ ਵਿਨਾਇਕ ਨੇ ਕਿਹਾ ਹੈ ਕਿ ਉਸ ਨੇ ਫਲਿਪਕਾਰਟ ਕੰਪਨੀ ਦੀ ਵੈੱਬਸਾਈਟ ਤੋਂ ਸੈਮਸੰਗ ਕੰਪਨੀ ਦਾ ਇੱਕ ਲੈਪਟਾਪ ਖਰੀਦਿਆ ਸੀ। ਫਲਿਪਕਾਰਟ ਵੱਲੋਂ ਲੈਪਟਾਪ 19-02-2013 ਨੂੰ ਸਪਲਾਈ ਕਰਨ ਦਾ ਭਰੋਸਾ ਦਿੱਤਾ। ਇਸ ਲਈ ਕੰਪਨੀ ਨੇ ਕੁੱਲ 39 ਹਜ਼ਾਰ 990 ਰੁਪਏ ਵਸੂਲ ਕੀਤੇ। ਪਰ 29 ਜੂਨ 2015 ਨੂੰ ਉਸਦਾ ਲੈਪਟਾਪ ਚੋਰੀ ਹੋ ਗਿਆ। ਇਸ ਸਬੰਧੀ ਉਸਨੇ ਪੁਲਿਸ ਥਾਣਾ, ਸਿਟੀ ਖੰਨਾ (ਲੁਧਿਆਣਾ) ਵਿਖੇ ਮਾਮਲਾ ਦਰਜ ਕਰਵਾਇਆ। ਇਸਦੇ ਸਬੰਧ ਵਿੱਚ ਸੈਮਸੰਗ ਕੰਪਨੀ ਨੂੰ ਚੋਰੀ ਕੀਤੇ ਗਏ ਲੈਪਟਾਪ ਦਾ ਮੈਕ ਆਈਡੀ ਦੇਣ ਸਬੰਧੀ ਬੇਨਤੀ ਕੀਤੀ ਗਈ, ਜਿਹੜਾ ਲੈਪਟਾਪ ਨੂੰ ਲੱਭਣ ਤੇ ਉਸਦੀ ਮੋਨੀਟਰਿੰਗ ਲਈ ਮਦਦਗਾਰ ਹੋਵੇਗਾ। ਪਰ ਸੈਮਸੰਗ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸਦੇ ਲੈਪਟਾਪ ਦਾ ਮਾਡਲ ਤੇ ਸੀਰੀਅਲ ਨੰਬਰ ਉਨ੍ਹਾਂ ਦੇ ਸਿਸਟਮ ਨਾਲ ਮੇਲ ਨਹੀਂ ਖਾਂਦਾ। ਇਸ ਸਬੰਧੀ ਫਲਿਪਕਾਰਟ ਨੂੰ ਸੂਚਿਤ ਕਰਨ ’ਤੇ ਫਲਿਪਕਾਰਟ ਕਸਟਮਰ ਸਪੋਰਟ ਦੀ ਐਗਜ਼ੀਕਿਊਟਿਵ ਸੁਪਰਿਆ ਤੇ ਕਸਟਮਰ ਸਪੋਰਟ ਨੇ ਅਕਤੂਬਰ ਤੇ ਨਵੰਬਰ 2015 ਵਿੱਚ ਈਮੇਲ ਭੇਜ ਕੇ 16 ਨਵੰਬਰ 2015 ਤਕ ਜਾਂ ਉਸ ਤੋਂ ਪਹਿਲਾਂ ਸਮੱਸਿਆ ਦਾ ਹੱਲ ਕਰਨ ਦਾ ਝੂਠਾ ਵਾਅਵਾ ਕੀਤਾ। ਪਰ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਇਸ ਕੇਸ ਦੀ ਜਾਂਚ ਕਰ ਰਹੇ ਐਸਪੀ (ਹੈਡਕੁਆਰਟਰ) ਖੰਨਾ ਨੇ ਕਿਹਾ ਕਿ ਸੈਮਸੰਗ ਕੰਪਨੀ ਦੇ ਏਰੀਆ ਮੈਨੇਜਰ ਨੇ ਉਨ੍ਹਾਂ ਨੂੰ ਦੱਸਿਆ ਕਿ ਸੈਮਸੰਗ ਦੇ ਲੈਪਟਾਪ ਦਾ ਸੀਰੀਅਲ ਨੰਬਰ 15 ਅੰਕਾਂ ਦਾ ਹੁੰਦਾ ਹੈ ਜਦਕਿ ਫਲਿਪਕਾਰਟ ਵੱਲੋਂ ਸ਼ਿਕਾਇਤਕਰਤਾ ਨੂੰ ਸਪਲਾਈ ਕੀਤੇ ਗਏ ਲੈਪਟਾਪ ਦਾ ਸੀਰੀਅਲ ਨੰਬਰ 14 ਨੰਬਰਾਂ ਵਾਲਾ ਸੀ। ਫਲਿਪਕਾਰਟ ਨੇ ਕਿਸੇ ਹੋਰ ਕੰਪਨੀ ਦੇ ਲੈਪਟਾਪ ’ਤੇ ਸੈਮਸੰਗ ਕੰਪਨੀ ਦਾ ਮਾਰਕਾ ਲਾ ਕੇ ਲੈਪਟਾਪ ਆਨਲਾਈਨ ਵੇਚਿਆ ਤੇ ਦਰਖਾਸਤਕਾਰ ਨਾਲ ਠੱਗੀ ਮਾਰੀ ਹੈ। ਇਸ ਪਿੱਛੋਂ ਫਲਿਪਕਾਰਟ ਦੇ ਫਾਊਂਡਰਾਂ ਤੇ ਡਾਇਰੈਕਟਰਾਂ ਸਣੇ ਕੁਝ ਮੁਲਾਜ਼ਮਾਂ ਵਿਰੁੱਧ ਆਈਪੀਸੀ ਦੇ ਸੈਕਸ਼ਨ 420 (ਧੋਖਾਧੜੀ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।