ਨਵੀਂ ਦਿੱਲੀ: ਕਾਂਗਰਸ ਕਿਸੇ ਨਾ ਕਿਸੇ ਮੁੱਦੇ ’ਤੇ ਬੀਜੇਪੀ ਸਰਕਾਰ ਨੂੰ ਘੇਰ ਰਹੀ ਹੈ। ਇਨ੍ਹਾਂ ਵਿੱਚੋਂ ਰਾਫੇਲ ਸੌਦਾ ਅਹਿਮ ਹੈ। ਮੋਦੀ ਸਰਕਾਰ ’ਤੇ ਕਾਂਗਰਸ ਨੇ ਅੱਜ ਫਿਰ ਜ਼ੋਰਦਾਰ ਹਮਲਾ ਕੀਤਾ ਹੈ। ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਰੱਖਿਆ ਮੰਤਰੀ ਕੇ ਐਂਟਨੀ ਨੇ ਪੁੱਛਿਆ ਹੈ ਕਿ ਜੇ UPA ਦੇ ਦੌਰ ਤੋਂ ਸਸਤਾ ਰਾਫੇਲ ਖਰੀਦਿਆ ਗਿਆ ਹੈ ਤਾਂ ਜਹਾਜ਼ਾਂ ਦੀ ਗਿਣਤੀ 126 ਦੀ ਬਜਾਏ 36 ਕਿਉਂ ਘਟਾਈ ਗਈ।

ਐਂਟਨੀ ਨੇ ਕਿਹਾ ਕਿ ਰੱਖਿਆ ਮੰਤਰੀ ਮੁਤਾਬਕ ਉਨ੍ਹਾਂ UPA ਤੋਂ 9 ਫੀਸਦੀ ਸਸਤੇ ਰਾਫੇਲ ਖਰੀਦੇ, ਵਿੱਤ ਮੰਤਰੀ ਕਹਿੰਦੇ ਹਨ ਕਿ 20 ਫੀਸਦੀ ਸਸਤੇ ਖਰੀਦੇ ਤੇ ਹਵਾਈ ਫੌਜ ਦੇ ਸਾਬਕਾ ਖਿਡਾਰੀ ਮੁਤਾਬਕ ਜਹਾਜ਼ 40 ਫੀਸਦੀ ਸਸਤੇ ਖਰੀਦੇ ਗਏ। ਜੇ ਇੰਨਾ ਹੀ ਸਸਤਾ ਹੈ ਤਾਂ ਉਨ੍ਹਾਂ 126 ਤੋਂ ਜ਼ਿਆਦਾ ਜਹਾਜ਼ ਕਿਉਂ ਨਹੀਂ ਖਰੀਦੇ?




ਸਾਬਕਾ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਵੇਖਦਿਆਂ 126 ਤੋਂ ਵੱਧ ਜਹਾਜ਼ਾਂ ਦੀ ਲੋੜ ਹੈ ਪਰ ਮੋਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਸਾਲ 2000 ਵਿੱਚ ਦੇਸ਼ ਨੂੰ 126 ਜਹਾਜ਼ਾਂ ਦੀ ਲੋੜ ਸੀ। UPA ਨੇ 2007 ਵਿੱਚ ਇਸ ਸਬੰਧੀ ਟੈਂਡਰ ਕੱਢਿਆ ਗਿਆ ਸੀ। ਡੀਲ ਵਿੱਚ 18 ਤਿਆਰ ਜਹਾਜ਼ ਭਾਰਤ ਆਉਣੇ ਸੀ ਤੇ ਬਾਕੀ 108 ਦੇਸ਼ ਦੀ ਐਰੋਸਪੇਸ ਡਿਫੈਂਸ ਕੰਪਨੀ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਨੇ ਬਣਾਉਣੇ ਸੀ। ਇਸ ਡੀਲ ਨਾਲ ਟਰਾਂਸਫਰ ਆਫ ਟੈਕਨਾਲੋਜੀ ਤਹਿਤ HAL ਨੂੰ ਤਕਨੀਕ ਮਿਲਦੀ ਤੇ ਦੇਸ਼ ਵਿੱਚ ਰੁਜ਼ਗਾਰ ਪੈਦਾ ਹੋਣਾ ਸੀ ਪਰ ਮੋਦੀ ਸਰਕਾਰ ਨੇ ਇਸ ਡੀਲ ਨੂੰ ਹੀ ਬਦਲ ਦਿੱਤਾ। ਹੁਣ ਟਰਾਂਸਫਰ ਆਫ ਟੈਕਨਾਲੋਜੀ ਨਾ ਮਿਲਣ ਕਰਕੇ ਦੇਸ਼ ਦਾ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਪਹਿਲਾ ਜਹਾਜ਼ ਸਤੰਬਰ 2019 ਤਕ ਆਏਗਾ ਤੇ 2022 ਤਕ 36 ਜਹਾਜ਼ਾਂ ਦੀ ਪੂਰੀ ਖੇਪ ਆਏਗੀ। ਮੋਦੀ ਸਰਕਾਰ ਨੇ ਪਿਛਲੀ ਡੀਲ ਰੱਦ ਕੀਤੇ ਬਗੈਰ ਨਵੀਂ ਡੀਲ ਕਰ ਲਈ। ਇਸ ਤੋਂ ਸਾਫ ਹੈ ਕਿ ਮੋਦੀ ਸਰਕਾਰ ਨੇ ਰੱਖਿਆ ਸੌਦੇ ਦੀ ਉਲੰਘਣਾ ਕੀਤੀ ਹੈ। ਕਾਂਗਰਸ ਨੇ ਇਸ ਮਾਮਲੇ ਵਿੱਚ ਸੰਯੁਕਤ ਸੰਸਦੀ ਕਮੇਟੀ (JCP) ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।