ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਹੁਣੇ ਤੋਂ ਹੀ ਕਮਰ ਕੱਸ ਲਈ ਹੈ। ਚੋਣਾਂ ਦੀਆਂ ਤਿਆਰੀਆਂ ਲਈ ਕਾਂਗਰਸ ਦੇਸ਼ ਭਰ ਦੇ 10 ਲੱਖ ਬੂਥਾਂ ਤੋਂ 500 ਕਰੋੜ ਰੁਪਏ ਦਾ ਚੰਦਾ ਇਕੱਠਾ ਕਰੇਗੀ। ਪਾਰਟੀ ਇਹ ਅਭਿਆਨ ਗਾਂਧੀ ਜਯੰਤੀ ਯਾਨੀ 2 ਅਕਤੂਬਰ ਤੋਂ ਸ਼ੁਰੂ ਕਰੇਗੀ ਜੋ ਇੰਦਰਾ ਗਾਂਧੀ ਦੀ ਜਯੰਤੀ ਯਾਨੀ ਕਿ 19 ਨਵੰਬਰ ਤੱਕ ਚੱਲੇਗਾ।


ਪਾਰਟੀ ਨੇ ਹਰ ਬੂਥ ਕਮੇਟੀ ਨੂੰ ਪੰਜ ਹਜ਼ਾਰ ਰੁਪਏ ਚੰਦਾ ਜਮ੍ਹਾ ਕਰਨ ਦਾ ਟਾਰਗੇਟ ਦੇਣਾ ਤੈਅ ਕੀਤਾ ਹੈ। ਇਸ ਤਰ੍ਹਾਂ ਦੇਸ਼ ਭਰ ਦੇ ਲਗਪਗ ਦਸ ਲੱਖ ਬੂਥਾਂ ਤੋਂ 500 ਕਰੋੜ ਰੁਪਇਆ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।


ਅਭਿਆਨ ਬਾਰੇ ਦੱਸਦਿਆਂ ਪਾਰਟੀ ਦੇ ਸੰਗਠਨ ਮੁੱਖ ਸਕੱਤਰ ਅਸ਼ੋਕ ਗਹਿਲੋਤ ਨੇ ਕਿਹਾ ਕਿ ਪਹਿਲਾਂ ਵੀ ਘਰ-ਘਰ ਜਾ ਕੇ ਜਨਸੰਪਰਕ ਤੇ ਪੈਸੇ ਇਕੱਠੇ ਕਰਨ ਦਾ ਅਭਿਆਨ ਚਲਾਇਆ ਜਾਂਦਾ ਸੀ। ਹੁਣ ਫਿਰ ਇਹ ਵਕਤ ਆ ਗਿਆ ਹੈ ਕਿ ਜਨਸੰਪਰਕ ਦੇ ਕੰਮ ਨੂੰ ਗਤੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਅਭਿਆਨ ਦੌਰਾਨ ਲੋਕਾਂ ਨੂੰ ਰਾਸ਼ਟਰੀ ਮੁੱਦਿਆਂ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ।


ਪਾਰਟੀ ਨੇ ਹੇਠਲੀਆਂ ਇਕਾਈਆਂ ਨੂੰ ਹਰ ਘਰ ਤੋਂ ਪੰਜ, ਦਸ ਰੁਪਏ ਜਮ੍ਹਾ ਕਰਾਉਣ ਨੂੰ ਕਿਹਾ ਹੈ। ਇਸ ਦੇ ਨਾਲ ਵਰਕਰ ਪਰਚੇ ਵੀ ਵੰਡਣਗੇ। ਦੋ ਹਫਤੇ ਪਹਿਲਾਂ ਪਾਰਟੀ ਦੇ ਨਵੇਂ ਖ਼ਜ਼ਾਨਚੀ ਅਹਿਮਦ ਪਟੇਲ ਨੇ ਸਾਰੇ ਸੂਬਿਆਂ ਦੇ ਖਜ਼ਾਨਚੀਆਂ ਦੀ ਦਿੱਲੀ 'ਚ ਬੈਠਕ ਬੁਲਾਈ ਸੀ ਤੇ ਫੀਡਬੈਕ ਲਈ ਸੀ।


ਇਸ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਜ਼ਰੀਏ ਵੀ ਅਹਿਮਦ ਪਟੇਲ ਤੇ ਅਸ਼ੋਕ ਗਹਿਲੋਤ ਨੇ ਸੂਬਾ ਅਧਿਕਾਰੀਆਂ ਤੇ ਖ਼ਜ਼ਾਨਚੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਘਰ-ਘਰ ਜਾਕੇ ਚੰਦਾ ਤੇ ਜਨਸੰਪਰਕ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਗਿਆ।


ਪਾਰਟੀ ਆਨਲਾਈਨ ਵੀ ਚੰਦਾ ਇਕੱਠਾ ਕਰ ਰਹੀ ਹੈ। ਰਾਜਸਥਾਨ ਚੋਣਾਂ ਲਈ ਵੈਬਸਾਈਟ ਜ਼ਰੀਏ ਆਨਲਾਈਨ ਚੰਦਾ ਮੰਗਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਰਨਾਟਕ ਚੋਣਾਂ ਦੌਰਾਨ ਵੀ ਕਾਂਗਰਸ ਨੇ ਇਕ ਉਮੀਦਵਾਰ ਲਈ ਆਨਲਾਈਨ ਚੰਦਾ ਮੰਗਿਆ ਸੀ। ਇਸ ਤੋਂ ਪਹਿਲਾਂ ਆਨਲਾਈਨ ਚੰਦੇ ਦਾ ਸਫਲ ਪ੍ਰਯੋਗ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਕੀਤਾ ਸੀ।


ਕਾਂਗਰਸ ਨੇ ਹਾਲ ਹੀ 'ਚ ਪਾਰਟੀ ਨੇਤਾਵਾਂ ਦੇ ਖਰਚ 'ਚ ਕਟੌਤੀ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਮੁਹਿੰਮ ਦਾ ਮਕਸਦ ਚੰਦਾ ਇਕੱਠਾ ਕਰਨਾ ਘੱਟ ਤੇ ਘਰ-ਘਰ ਜਾ ਕੇ ਕਾਂਗਰਸ ਲਈ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣਾ ਮੁੱਖ ਮਕਸਦ ਰਹੇਗਾ।