ਪਟਨਾ: ਬਿਹਾਰ ਦੇ ਨਲੰਦਾ ਜ਼ਿਲ੍ਹੇ ਦੇ ਨੂਰ ਸਰਾਏ ਥਾਣਾ ਖੇਤਰ ਦੇ ਅਜਨੌਰਾ ਪਿੰਡ 'ਚ ਅਜੇਪੁਰ ਪੰਚਾਇਤ ਦੇ ਸਰਪੰਚ ਦਿਆਨੰਦ ਮਾਂਝੀ ਤੇ ਪਿੰਡ ਦੇ ਤਕੜੇ ਲੋਕਾਂ ਨੇ ਇੱਕ ਤੁਗ਼ਲਕੀ ਫ਼ਰਮਾਨ ਜਾਰੀ ਕਰਕੇ ਮਨੁੱਖਤਾ ਤੇ ਕਾਨੂੰਨ ਦਾ ਖੁਲ੍ਹੇਆਮ ਮਜ਼ਾਕ ਉਡਾਇਆ। ਪੰਚਾਇਤ ਨੇ ਇੱਕ ਵਿਅਕਤੀ ਨੂੰ ਨਾ ਕੇਵਲ ਜ਼ਮੀਨ 'ਤੇ ਥੁੱਕ ਚਟਾਇਆ ਬਲਕਿ ਔਰਤਾਂ ਤੋਂ ਚੱਪਲਾਂ ਨਾਲ ਪਿਟਾਈ ਵੀ ਕਰਾਈ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਰਹੀ ਹੈ।



ਦਰਅਸਲ ਮਾਮਲਾ ਇਹ ਹੈ ਕਿ ਮਹੇਸ਼ ਠਾਕੁਰ ਕਿਸੇ ਕੰਮ ਤੋਂ ਪਿੰਡ ਦੇ ਸੁਰੇਂਦਰ ਯਾਦਵ ਦੇ ਘਰ ਬਿਨਾਂ ਪੁੱਛੇ ਅੰਦਰ ਚਲਾ ਗਿਆ। ਫਿਰ ਪਿੰਡ 'ਚ ਪੰਚਾਇਤ ਬੁਲਾ ਕੇ ਸਰਪੰਚ ਨੇ ਨਾ ਸਿਰਫ਼ ਤੁਗਲਕੀ ਫ਼ਰਮਾਨ ਜਾਰੀ ਕੀਤਾ ਬਲਕਿ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ। ਇਸ ਮਾਮਲੇ ਵਿੱਚ ਸਰਪੰਚ ਤੇ ਉਸ ਦੇ ਅੱਠ ਸਮਰਥਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।



ਦੱਸਣਯੋਗ ਹੈ ਕਿ ਬਿਹਾਰ 'ਚ ਪਹਿਲਾਂ ਵੀ ਜਾਤੀ ਅਧਾਰਤ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਸਰਕਾਰ ਵੀ ਇਨ੍ਹਾਂ ਘਟਨਾਵਾਂ ਪ੍ਰਤੀ ਉਦਾਰ ਰਹਿੰਦੀ ਹੈ ਕਿਉਂਕਿ ਬਿਹਾਰ 'ਚ ਜਾਤੀ ਅਧਾਰ ਸਿਆਸਤ ਵੱਡੇ ਪੱਧਰ 'ਤੇ ਹੁੰਦੀ ਹੈ। ਇਹੀ ਕਾਰਨ ਹੈ ਕਿ ਬਿਹਾਰ ਚ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।