ਨਵੀਂ ਦਿੱਲੀ: ਵਸਤੂ ਤੇ ਸੇਵਾ ਕਰ ਯਾਨੀ ਜੀਐਸਟੀ ਵਿੱਚ ਚੋਰ ਮੋਰੀਆਂ ਰਾਹੀਂ ਵਪਾਰੀਆਂ ਨੂੰ ਫਾਇਦਾ ਪਹੁੰਚਾ ਰਹੇ ਕਮਿਸ਼ਨਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਤਿੰਨ ਅਧਿਕਾਰੀਆਂ ਸਮੇਤ ਅੱਠ ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਕਾਨਪੁਰ ਦੇ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਕਮਿਸ਼ਨਰ ਸੰਸਾਰ ਚੰਦ ਤੇ ਉਸ ਦੇ ਅਧਿਕਾਰੀ ਕਾਨਪੁਰ ਦੇ ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਟੈਕਸਾਂ ਨਾਲ ਸਬੰਧਤ ਰਾਹਤ ਅਤੇ ਵਿਭਾਗ ਦੇ ਨੋਟਿਸਾਂ ਤੋਂ ਬਚਾਅ ਕਰਨ ਦੇ ਬਦਲੇ ’ਚ ਹਫ਼ਤੇ ਜਾਂ ਮਹੀਨਾਵਾਰ ਆਧਾਰ ’ਤੇ ਰਿਸ਼ਵਤ ਵਸੂਲਦੇ ਸਨ।


ਕਾਨਪੁਰ ਅਤੇ ਦਿੱਲੀ ’ਚ ਮਾਰੇ ਗਏ ਛਾਪਿਆਂ ਦੌਰਾਨ ਕਰੀਬ 58 ਲੱਖ ਰੁਪਏ ਨਕਦ ਅਤੇ ਡਾਇਰੀਆਂ, ਪੈੱਨ ਡਰਾਈਵਜ਼ ਅਤੇ ਕਰੋੜਾਂ ਰੁਪਏ ਮੁੱਲ ਦੀਆਂ ਜਾਇਦਾਦਾਂ ਦੇ ਦਸਤਾਵੇਜ਼ਾਂ ਸਮੇਤ ਕਈ ਹੋਰ ਸਬੂਤ ਬਰਾਮਦ ਕੀਤੇ ਹਨ। ਜਾਂਚ ਏਜੰਸੀ ਦੇ ਸੂਤਰਾਂ ਨੇ ਕਿਹਾ ਕਿ ਰਿਸ਼ਵਤ ਨਕਦੀ ਜਾਂ ਮਹਿੰਗੀਆਂ ਵਸਤਾਂ ਫਰਿੱਜ, ਟੈਲੀਵਿਜ਼ਨ ਅਤੇ ਮੋਬਾਈਲ ਫੋਨਾਂ ਦੇ ਰੂਪ ’ਚ ਇਕੱਤਰ ਕੀਤੀ ਜਾਂਦੀ ਸੀ ਜਿਸ ਨੂੰ ਕਮਿਸ਼ਨਰ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਪਹੁੰਚਾਇਆ ਜਾਂਦਾ ਸੀ।

ਸੀਬੀਆਈ ਵੱਲੋਂ ਕਾਨਪੁਰ ਅਤੇ ਦਿੱਲੀ ’ਚ ਦੇਰ ਰਾਤ ਨੂੰ ਮਾਰੇ ਛਾਪਿਆਂ ਦੌਰਾਨ ਕਮਿਸ਼ਨਰ ਵਜੋਂ ਤਾਇਨਾਤ 1986 ਬੈਚ ਦੇ ਇੰਡੀਅਨ ਰੈਵਿਨਿਊ ਸਰਵਿਸ ਅਫ਼ਸਰ ਸੰਸਾਰ ਚੰਦ, ਵਿਭਾਗ ਦੇ ਦੋ ਸੁਪਰਡੈਂਟਾਂ ਅਜੈ ਸ੍ਰੀਵਾਸਤਵ, ਆਰ ਐਸ ਚੰਦੇਲ, ਨਿਜੀ ਅਮਲੇ ’ਚ ਤਾਇਨਾਤ ਸੌਰਭ ਪਾਂਡੇ ਅਤੇ ਪੰਜ ਹੋਰ ਵਿਅਕਤੀਆਂ ਨੂੰ ਫੜਿਆ ਹੈ।

ਕੇਂਦਰੀ ਜਾਂਚ ਏਜੰਸੀ ਨੇ ਸੰਸਾਰ ਚੰਦ ਦੀ ਪਤਨੀ ਅਵਿਨਾਸ਼ ਕੌਰ ਅਤੇ ਕਾਨਪੁਰ ’ਚ ਜੀਐਸਟੀ ਤੇ ਸੈਂਟਰਲ ਐਕਸਾਈਜ਼ ਵਿਭਾਗ ’ਚ ਸੁਪਰਡੈਂਟ ਅਮਨ ਸ਼ਾਹ ਦਾ ਨਾਂਅ ਵੀ ਐਫਆਈਆਰ ’ਚ ਸ਼ਾਮਲ ਕੀਤਾ ਹੈ ਪਰ ਉਨ੍ਹਾਂ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸੀਬੀਆਈ ਨੇ ਦੋਸ਼ ਲਾਇਆ ਕਿ ਹਵਾਲਾ ਰਾਹੀਂ ਸੰਸਾਰ ਚੰਦ ਦੀ ਪਤਨੀ ਨੂੰ ਦਿੱਲੀ ’ਚ ਅਮਨ ਅਤੇ ਚੰਦਰ ਪ੍ਰਕਾਸ਼ ਰਿਸ਼ਵਤ ਦੀ ਰਾਸ਼ੀ ਸੌਂਪਦੇ ਸਨ। ਜਾਂਚ ਏਜੰਸੀ ਮੁਤਾਬਕ ਸੰਸਾਰ ਚੰਦ ਸੁਪਰਡੈਂਟਾਂ ਨਾਲ ਮਿਲ ਕੇ ਰਿਮਝਿਮ ਇਸਪਾਤ ਲਿਮਟਿਡ, ਐਸਆਈਆਰ ਪਾਨ ਮਸਾਲਾ, ਸੁਗੰਧੀ ਪ੍ਰਾਈਵੇਟ ਲਿਮਟਿਡ ਦੇ ਮਾਲਕਾਂ ਅਤੇ ਹੋਰਾਂ ਤੋਂ ਯੋਜਨਾਬੱਧ ਢੰਗ ਨਾਲ ਰਿਸ਼ਵਤ ਇਕੱਤਰ ਕਰ ਰਹੇ ਸਨ।