ਨਵੀਂ ਦਿੱਲੀ: ਕੈਡਬਰੀ ਇੰਡੀਆ ਪ੍ਰਾਈਵੇਟ ਲਿਮਟਿਡ (ਹੁਣ ਮੋਂਡਲੇਜ ਫ਼ੂਡਜ਼ ਪ੍ਰਾਈਵੇਟ ਲਿਮਿਟੇਡ) ਤੇ ਕੇਂਦਰੀ ਆਬਕਾਰੀ ਅਧਿਕਾਰੀਆਂ ਵਿਰੁੱਧ ਕੇਂਦਰੀ ਜਾਂਚ ਬਿਊਰੋ (CBI) ਨੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਏਜੰਸੀ ਨੇ ਕੈਡਬਰੀ (Cadbury) ਉੱਤੇ ਭ੍ਰਿਸ਼ਟਾਚਾਰ ਤੇ ਤੱਥਾਂ ਨੂੰ ਗ਼ਲਤ ਤਰੀਕੇ ਪੇਸ਼ ਕਰਨ ਦਾ ਦੋਸ਼ ਲਾਇਆ ਹੈ। ਸੀਬੀਆਈ ਅਨੁਸਾਰ ਕੰਪਨੀ ਉੱਤੇ ਹਿਮਾਚਲ ਪ੍ਰਦੇਸ਼ ਵਿੱਚ ਫ਼ੈਕਟਰੀ ਦਾ ਲਾਇਸੈਂਸ ਹਾਸਲ ਕਰਨ ਲਈ ਕਥਿਤ ਤੌਰ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਾ ਹੈ।


ਸੀਬੀਆਈ ਵੱਲੋਂ ਕਿਹਾ ਗਿਆ ਕਿ ਏਜੰਸੀ ਨੇ ਮੁਢਲੀ ਜਾਂਚ ਕੀਤੀ ਸੀ, ਜਿਸ ਵਿੱਚ ਪਾਇਆ ਗਿਆ ਕ ਕੰਪਨੀ ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਖੇਤਰ ਆਧਾਰਤ ਟੈਕਸ ਲਾਭ ਲੈਣ ਲਈ ਤੱਥਾਂ ਤੇ ਦਸਤਾਵੇਜ਼ਾਂ ਨੂੰ ਗ਼ਲਤ ਤਰੀਕੇ ਪੇਸ਼ ਕੀਤਾ ਤੇ ਰਿਸ਼ਵਤ ਵੀ ਦਿੱਤੀ। ਉਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ।


ਸੀਬੀਆਈ ਨੇ ਮਾਮਲੇ ’ਚ 12 ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਹੈ, ਜਿਨ੍ਹਾਂ ਵਿੱਚ ਸੈਂਟਰੀ ਐਕਸਾਈਜ਼ ਦੇ ਦੋ ਅਧਿਕਾਰੀ ਵੀ ਸ਼ਾਮਲ ਹਨ। ਕੈਡਬਰੀ ਇੰਡੀਆ (Cadbury India) ਦੇ ਵਾਈਸ ਪ੍ਰੈਜ਼ੀਡੈਂਟ ਵਿਕਰਮ ਅਰੋੜਾ ਤੇ ਡਾਇਰੈਕਟਰ ਰਾਜੇਸ਼ ਗਰਗ ਤੇ ਜੈਲਬੁਆਏ ਫ਼ਿਲਿਪਸ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ।


ਏਜੰਸੀ ਦੇ ਸੂਤਰਾਂ ਨੇ ਕਿਹਾ ਕਿ ਕੈਡਬਰੀ ਇੰਡੀਆ ਨੇ ਕੇਂਦਰੀ ਆਬਕਾਰੀ ਅਧਿਕਾਰੀਆਂ ਨਾਲ ਮਿਲ ਕੇ ਹਿਮਾਚਲ ਪ੍ਰਦੇਸ਼ ’ਚ 5 ਸਟਾਰ ਤੇ ਜੇਮਸ ਨਿਰਮਾਣ ਦੀ ਆਪਣੀ ਇਕਾਈ ਲਈ 241 ਕਰੋੜ ਰੁਪਏ ਦੇ ਐਕਸਾਈਜ਼ ਟੈਕਸ ਦਾ ਲਾਭ ਲਿਆ ਹੈ। ਸੂਤਰਾਂ ਮੁਤਾਬਕ ਇਹ ਕਥਿਤ ਬੇਨਿਯਮੀਆਂ 2009 ਤੋਂ 2011 ਦੇ ਵਿਚਕਾਰ ਹੋਈਆਂ ਹਨ।


ਸੀਬੀਆਈ ਅਨੁਸਾਰ ਸਾਲ 2007 ’ਚ ਕੰਪਨੀ ਨੇ 10 ਹੋਰ ਸਾਲਾਂ ਲਈ ਆਬਕਾਰੀ ਤੇ ਆਮਦਨ ਟੈਕਸ ਵਿੱਚ ਛੋਟ ਦਾ ਲਾਭ ਲੈਣ ਲਈ ਬੱਦੀ ’ਚ ਇੱਕ ਇਕਾਈ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ ਪਰ ਇੱਕ ਵੱਖਰੀ ਇਕਾਈ ਦੇ ਨਿਰਮਾਣ ਦੀ ਥਾਂ ਕੈਡਬਰੀ ਇੰਡੀਆ ਨੇ ਟੈਕਸ ਛੋਟ ਦਾ ਲਾਭ ਲੈਣ ਲਈ ਮੌਜੂਦਾ ਇਕਾਈ ਦਾ ਵਿਸਥਾਰ ਕੀਤਾ।


ਯੂਨਿਟ 2005 ’ਚ Bournvita ਦੇ ਨਿਰਮਾਣ ਲਈ ਬਣਾਈ ਗਈ ਸੀ। ਕੰਪਨੀ ਨੇ ਛੋਟ ਹਾਸਲ ਕਰਨ ਲਈ ਕੱਟ ਆਫ਼ ਦੀ ਤਰੀਕ ਦੇ ਚਾਰ ਮਹੀਨਿਆਂ ਬਾਅਦ ਜੁਲਾਈ 2010 ’ਚ ਦੂਜੀ ਇਕਾਈ ਲਈ ਲਾਇਸੈਂਸ ਹਾਸਲ ਕੀਤਾ।