ਨਵੀਂ ਦਿੱਲੀ: ਕਿਸਾਨ ਅੰਦੋਲਨ (Farmers Proest) ਦੇ ਮਾਮਲੇ ’ਤੇ ਕੇਂਦਰ ਸਰਕਾਰ ਹੁਣ ਆਪਣਿਆਂ ਤੋਂ ਹੀ ਘਿਰਨ ਲੱਗੀ ਹੈ। ਮੋਦੀ ਸਰਕਾਰ (Modi Government) ਵੱਲੋਂ ਨਿਯੁਕਤ ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਤੋਂ ਲੈ ਕੇ ਸੀਨੀਅਰ ਬੀਜੇਪੀ ਲੀਡਰਾਂ (BJP Senior Leaders) ਤੱਕ ਕਿਸਾਨ ਅੰਦੋਲਨ ਉੱਤੇ ਨਰਮੀ ਵਰਤਣ ਦੀ ਸਲਾਹ ਸਰਕਾਰ ਨੂੰ ਦੇ ਰਹੇ ਹਨ। ਸਭ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਉੱਤੇ ਗ਼ੌਰ ਕਰਨਾ ਚਾਹੀਦਾ ਹੈ। ਸਰਕਾਰ ਨੂੰ ਉੱਚਿਤ ਮੰਗਾਂ ਮੁਤਾਬਕ ਤਿੰਨੇ ਨਵੇਂ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਤੋਂ ਵੀ ਝਿਜਕਣਾ ਨਹੀਂ ਚਾਹੀਦਾ।
ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਸਰਕਾਰ ਦੀ ਮੁੜ ਸਖ਼ਤ ਆਲੋਚਨਾ ਕਰਨ ਮਗਰੋਂ ਹੁਣ ਬੀਜੇਪੀ ਦੇ ਪ੍ਰਮੁੱਖ ਆਗੂ ਸੁਬਰਾਮਨੀਅਨ ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਹੈ। ਸੁਬਰਾਮਨੀਅਨ ਸਵਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੀ ਆਕੜ ਅੱਗੇ ਤਾਂ ਝੁਕ ਰਹੇ ਹਨ ਪਰ ਕਿਸਾਨਾਂ ਦੀਆਂ ਮੰਗਾਂ ਉੱਤੇ ਨਰਮ ਨਹੀਂ ਹੋ ਰਹੇ। ਚੀਨ ਨਾਲ ਵਪਾਰ ਵੀ ਮੁੜ ਆਮ ਵਰਗਾ ਹੋ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਛੇਤੀ ਹੀ ਭਾਰਤ ਦੇ ਮਹਿਮਾਨ ਹੋਣਗੇ ਪਰ ਮੋਦੀ ਕਿਸਾਨਾਂ ਨਾਲ ਸਖ਼ਤੀ ਵਰਤਣਾ ਚਾਹੁੰਦੇ ਹਨ।
ਕਿਸਾਨ ਅੰਦੋਲਨ ਦੇ ਮੁੱਦੇ ਉੱਤੇ ਸਰਕਾਰ ਦੀ ਸਭ ਤੋਂ ਤਿੱਖੀ ਆਲੋਚਨਾ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਕਰ ਰਹੇ ਹਨ। ਉਨ੍ਹਾਂ ਕਈ ਵਾਰ ਜਨਤਕ ਮੰਚਾਂ ਤੋਂ ਅੰਦੋਲਨਕਾਰੀ ਕਿਸਾਨਾਂ ਪ੍ਰਤੀ ਮੋਦੀ ਸਰਕਾਰ ਦੇ ਸਖ਼ਤ ਰੁਖ਼ ਉੱਤੇ ਨਾਰਾਜ਼ੀ ਜ਼ਾਹਿਰ ਕੀਤੀ ਹੈ। ਸੱਤਿਆਪਾਲ ਮਲਿਕ ਨੇ ਇੱਥੋਂ ਤੱਕ ਕਿਹਾ ਕਿ ਜੇ ਕਿਤੇ ਕੋਈ ਕੁੱਤਾ ਵੀ ਮਰ ਜਾਵੇ, ਤਾਂ ਸਾਡੇ ਆਗੂਆਂ ਦੇ ਸ਼ੋਕ ਸੁਨੇਹੇ ਆਉਂਦੇ ਹਨ ਪਰ 250 ਕਿਸਾਨਾਂ ਦੀ ਮੌਤ ਉੱਤੇ ਕਿਸੇ ਨੇ ‘ਚੂੰ’ ਤੱਕ ਨਹੀਂ ਕੀਤੀ। ਕਿਸਾਨਾਂ ਦੀ ਮੌਤ ਉੱਤੇ ਚੁੱਪੀ ਤੋਂ ਸੰਵੇਦਨਹੀਣਤਾ ਦਿੱਸਦੀ ਹੈ।
ਭਾਜਪਾ ਆਗੂ ਤੇ ਮੋਦੀ ਸਰਕਾਰ ’ਚ ਮੰਤਰੀ ਰਹੇ ਚੌਧਰੀ ਬਿਰੇਂਦਰ ਸਿੰਘ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਤੇ ਹਰਿਆਣਾ ਵਿੱਚ ਬਣਦੇ ਜਾ ਰਹੇ ਹਾਲਾਤ ਨੂੰ ਵੇਖਦਿਆਂ ਬੀਜੇਪੀ ਲੀਡਰ ਫਿਕਰਮੰਦ ਹਨ। ਲੀਡਰਾਂ ਦਾ ਪਿੰਡਾਂ ਵਿੱਚ ਵੜਨਾ ਬੈਨ ਹੋਣ ਲੱਗਾ ਹੈ। ਪੇਂਡੂ ਤੇ ਕਿਸਾਨੀ ਪਿਛੋਕੜ ਵਾਲੇ ਬੀਜੇਪੀ ਲੀਡਰਾਂ ਨੂੰ ਆਪਣੀ ਸਿਆਸੀ ਭਵਿੱਖ ਧੁੰਦਲਾ ਦਿਖਾਈ ਦੇਣ ਲੱਗਾ ਹੈ। ਇਸ ਲਈ ਹੁਣ ਲੀਡਰ ਖੁੱਲ੍ਹ ਕੇ ਬੋਲਣ ਲੱਗੇ ਹਨ।
ਇਹ ਵੀ ਪੜ੍ਹੋ: Weather Update: ਦਿੱਲੀ ਸਣਏ ਇਨ੍ਹਾਂ ਸੂਬਿਆਂ 'ਚ ਬਾਰਸ਼ ਦਾ ਅਲਰਟ, ਜਾਣੋ ਮੌਸਮ ਦਾ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904