Assembly Election 2021: ਪੱਛਮੀ ਬੰਗਾਲ, ਤਾਮਿਲਨਾਡੂ, ਅਸਮ, ਕੇਰਲ ਤੇ ਪੁੱਡੂਚੇਰੀ 'ਚ 27 ਮਾਰਚ ਤੋਂ 29 ਅਪ੍ਰੈਲ ਤਕ ਵੋਟਾਂ ਪੈਣਗੀਆਂ। ਦੋ ਮਈ ਨੂੰ ਚੋਣਾਂ ਦੇ ਨਤੀਜੇ ਆਉਣਗੇ। ਪੰਜ ਸੂਬਿਆਂ 'ਚ ਵਿਧਾਨਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਰੈਲੀਆਂ ਦਾ ਦੌਰ ਵੀ ਜਾਰੀ ਹੈ। ਜਿੱਥੇ ਸਾਰੀਆਂ ਪਾਰਟੀਆਂ ਇਕ-ਦੂਜੇ 'ਤੇ ਜੰਮ ਕੇ ਵਰ੍ਹ ਰਹੀਆਂ ਹਨ।


ਬੰਗਾਲ ਦੇ ਸਿਆਸੀ ਘਮਸਾਣ 'ਚ ਅੱਜ ਨਜ਼ਰ ਪੀਐਮ ਮੋਦੀ ਦੇ ਭਾਸ਼ਣ 'ਤੇ ਰਹੇਗੀ। ਕਿਉਂਕਿ ਚੋਣ ਤਾਰੀਖਾਂ ਦੇ ਐਲਾਨ ਮਗਰੋਂ ਅੱਜ ਪਹਿਲੀ ਵਾਰ ਉਨ੍ਹਾਂ ਦੀ ਰੈਲੀ ਹੋਵੇਗੀ। ਮਮਤਾ ਦੇ ਤਿੱਖੇ ਤੇਵਰਾਂ ਦੇ ਵਿਚ ਅੱਜ ਬੰਗਾਲ ਦੀ ਧਰਤੀ 'ਤੇ ਪੀਐਮ ਮੋਦੀ ਦੀ ਰੈਲੀ ਹੋਵੇਗੀ ਤੇ ਹਰ ਕਿਸੇ ਦੀ ਨਜ਼ਰ ਇਸ ਗੱਲ 'ਤੇ ਹੋਵੇਗੀ ਕਿ ਪੀਐਮ ਮਮਤਾ ਦੇ ਇਲਜ਼ਾਮਾਂ 'ਤੇ ਕੀ ਜਵਾਬ ਦਿੰਦੇ ਹਨ।


ਮੋਦੀ ਪੁਰੂਲਿਆ 'ਚ ਸਵੇਰ 11 ਵਜੇ ਰੈਲੀ ਕਰਨਗੇ। ਇਹ ਰੈਲੀ ਪਹਿਲਾਂ 20 ਮਾਰਚ ਨੂੰ ਹੋਣੀ ਸੀ, ਪਰ ਹੁਣ ਇਸ ਨੂੰ ਦੋ ਦਿਨ ਪਹਿਲਾਂ ਕਰਵਾਇਆ ਜਾ ਰਿਹਾ ਹੈ। ਪਹਿਲੇ ਗੇੜ ਦੀਆਂ ਚੋਣਾਂ 'ਚ ਬੀਜੇਪੀ ਦੇ ਪੱਖ 'ਚ ਮਾਹੌਲ ਬਣਾਈ ਰੱਖਣ ਦੇ ਮਕਸਦ ਨਾਲ ਪੀਐਮ ਦੇ ਪ੍ਰੋਗਰਾਮਾਂ 'ਚ ਬਦਲਾਅ ਕੀਤਾ ਗਿਆ ਹੈ।ਪਹਿਲੇ ਗੇੜ ਦੀਆਂ 30 ਸੀਟਾਂ 'ਤੇ 27 ਮਾਰਚ ਨੂੰ ਵੋਟਾਂ ਪੈਣਗੀਆਂ।


ਮੋਦੀ ਅੱਜ ਅਸਮ ਦੇ ਕਰੀਬਗੰਜ 'ਚ ਵੀ ਰੈਲੀ ਕਰਨਗੇ। ਪਰ ਉਸ ਤੋਂ ਪਹਿਲਾਂ ਬੰਗਾਲ ਦੀ ਧਰਤੀ 'ਤੇ ਹੀ ਸਿਆਸੀ ਹਲਚਲ ਦਿਖੇਗੀ। ਉੱਥੇ ਹੀ ਬੰਗਾਲ ਦੇ ਮੇਦਿਨਿਪੁਰ 'ਚ ਮਮਤਾ ਬੈਨਰਜੀ ਇਕ ਤੋਂ ਬਾਅਦ ਇਕ ਤਿੰਨ ਰੈਲੀਆਂ ਕਰੇਗੀ। ਮਮਤਾ ਨੂੰ ਚੁਣੌਤੀ ਦੇ ਰਹੇ ਸ਼ੁਭੇਂਦੂ ਅਧਿਕਾਰੀ ਨੰਦੀਗ੍ਰਾਮ 'ਚ ਚੋਣ ਪ੍ਰਚਾਰ ਕਰਨਗੇ। ਨੰਦੀਗ੍ਰਾਮ ਦੇ ਗੋਕੁਲ ਨਗਰ 'ਚ ਸ਼ੁਭੇਂਦੂ ਅਧਿਕਾਰੀ ਇਕ ਕਿਸਾਨ ਦੇ ਘਰ ਰੋਟੀ ਵੀ ਖਾਣਗੇ।