ਚੰਡੀਗੜ੍ਹ: ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਤਿੰਨੇ ‘ਕਾਲੇ’ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਕਰਦੀ ਤਾਂ ਨਿੱਜੀ ਕੰਪਨੀਆਂ ਵੱਲੋਂ ਬਣਾਏ ਵੱਡੇ ਖਾਦ-ਗੁਦਾਮਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਟਿਕੈਤ ਨੇ ਨਾ ਸਿਰਫ ਗੁਦਾਮ ਘੇਰਨ ਬਲਕਿ ਉਨ੍ਹਾਂ ਨੂੰ ਢਾਹੁਣ ਦੀ ਗੱਲ ਵੀ ਕਹਿ ਦਿੱਤੀ।
ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਬੀਤੇ ਦਿਨੀਂ ਸ੍ਰੀ ਗੰਗਾਨਗਰ ਦੀ ਅਨਾਜ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨ ਮਹਾਪੰਚਾਇਤ ਵਿੱਚ ਬੋਲ ਰਹੇ ਸਨ। ਇੱਥੇ ਟਿਕੈਤ ਨੇ ਕਿਹਾ ਕਿ ਹਾਲੇ ਨਵੇਂ ਖੇਤੀ ਕਾਨੂੰਨ ਲਾਗੂ ਵੀ ਨਹੀਂ ਹੋਏ ਸਨ, ਪਰ ਕੁਝ ਨਿੱਜੀ ਕੰਪਨੀਆਂ ਨੇ ਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਵੱਡੇ ਵੱਡੇ ਗੋਦਾਮ ਉਸਾਰ ਕੇ ਉਨ੍ਹਾਂ ਵਿੱਚ ਅਨਾਜ ਦਾ ਭੰਡਾਰਨ ਵੀ ਸ਼ੁਰੂ ਕਰ ਦਿੱਤਾ ਸੀ।
ਕਿਸਾਨ ਨੇਤਾ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਕੁਝ ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਸਰਕਾਰੀ ਅਦਾਰਿਆਂ ਨੂੰ ਵੇਚਣ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਅਜਿਹੇ ਕਾਨੂੰਨ ਲਿਆਉਣ ਜਾ ਰਹੀ ਹੈ ਜਿਸ ਨਾਲ ਦੁੱਧ, ਬਿਜਲੀ, ਖਾਦ, ਬੀਜ ਅਤੇ ਮੋਟਰ ਵਾਹਨਾਂ ਦੀ ਮਾਰਕੀਟਿੰਗ ਕੁਝ ਕਾਰਪੋਰੇਟਾਂ ਦੇ ਹੱਥਾਂ ਵਿੱਚ ਚਲੀ ਜਾਵੇਗੀ।
ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਦੀ ਅਗਵਾਈ ਕਰਨ ਦਾ ਸੱਦਾ ਦਿੰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਦੇਸ਼ ਵਿੱਚ ਉਨ੍ਹਾਂ ਲਈ ਹੋਰ ਨੌਕਰੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਖੇਤਾਂ ਵੱਲ ਮੁੜਨਾ ਚਾਹੀਦਾ ਹੈ ਅਤੇ ਖੇਤ ਵਿੱਚ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਰਾਕੇਸ਼ ਟਿਕੈਤ ਅੱਜ-ਕੱਲ੍ਹ ਕਾਫੀ ਤਿੱਖੇ ਬਿਆਨ ਜਾਰੀ ਕਰ ਰਹੇ ਹਨ। ਇਸ ਦੇ ਉਲਟ ਕਈ ਵਾਰ ਪੰਜਾਬ ਤੋਂ ਕਿਸਾਨ ਲੀਡਰ ਉਨ੍ਹਾਂ ਦੇ ਬਿਆਨਾਂ ਦਾ ਬਚਾਅ ਕਰਦੇ ਵਿਖਾਈ ਦਿੱਤੇ ਹਨ, ਜਿਵੇਂ ਟਿਕੈਤ ਦੇ ਸੰਸਦ ਵਿੱਚ ਜਿਣਸ ਵੇਚਣ ਦੇੇ ਬਿਆਨ ਨੂੰ ਉਗਰਾਹਾਂ ਹੁਰਾਂ ਨੇ ਟਾਲਣ ਦੀ ਕੋਸ਼ਿਸ਼ ਕੀਤੀ ਸੀ। ਪਰ ਸੰਯੁਕਤ ਕਿਸਾਨ ਮੋਰਚਾ ਹੁਣ ਕੀ ਫੈਸਲਾ ਕਰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।