ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਅਨੁਸੂਚਿਤ ਜਾਤੀਆਂ (SC) ਤੇ ਅਨੁਸੂਚਿਤ ਜਨਜਾਤੀਆਂ (ST) ਦੇ ਵਿਦਿਆਰਥੀਆਂ ਲਈ 10ਵੀਂ ਤੇ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਫੀਸ ਵਿੱਚ 24 ਗੁਣਾ ਵਾਧਾ ਕੀਤਾ ਹੈ। ਹੁਣ ਇਸ ਵਰਗ ਦੇ ਵਿਦਿਆਰਥੀਆਂ ਨੂੰ 50 ਰੁਪਏ ਦੀ ਥਾਂ 1200 ਰੁਪਏ ਫੀਸ ਦੇਣੀ ਪਵੇਗੀ। ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਫੀਸ ਵਿੱਚ ਵੀ ਦੋ ਗੁਣਾ ਵਾਧਾ ਕੀਤਾ ਗਿਆ ਹੈ। ਹੁਣ ਉਨ੍ਹਾਂ ਨੂੰ 750 ਰੁਪਏ ਦੀ ਥਾਂ 1500 ਰੁਪਏ ਦੇਣੇ ਪੈਣਗੇ।
ਦੱਸ ਦੇਈਏ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ 9ਵੀਂ ਜਮਾਤ ਵਿੱਚ ਤੇ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਲਈ 11ਵੀਂ ਜਮਾਤ ਵਿੱਚ ਰਜਿਸਟਰ ਕਰਨਾ ਹੁੰਦਾ ਹੈ। ਸੀਬੀਐਸਈ ਨੇ ਪਿਛਲੇ ਹਫ਼ਤੇ ਇੱਕ ਫੀਸ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਪੁਰਾਣੇ ਸਿਸਟਮ ਅਧੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਸਕੂਲਾਂ ਨੂੰ ਵਿਦਿਆਰਥੀਆਂ ਤੋਂ ਫੀਸਾਂ ਦਾ ਅੰਤਰ ਵਸੂਲਣ ਲਈ ਕਿਹਾ ਸੀ।
ਅਧਿਕਾਰੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ ਦੇ ਵਿਦਿਆਰਥੀਆਂ ਨੂੰ 12ਵੀਂ ਬੋਰਡ ਦੀ ਪ੍ਰੀਖਿਆ ਵਿੱਚ ਵਾਧੂ ਵਿਸ਼ੇ ਲਈ ਵੀ 300 ਰੁਪਏ ਹੋਰ ਅਦਾ ਕਰਨੇ ਪੈਣਗੇ। ਪਹਿਲਾਂ ਇਨ੍ਹਾਂ ਵਰਗਾਂ ਦੇ ਵਿਦਿਆਰਥੀਆਂ ਤੋਂ ਵਾਧੂ ਵਿਸ਼ਿਆਂ ਲਈ ਕੋਈ ਫੀਸ ਨਹੀਂ ਲਈ ਜਾਂਦੀ ਸੀ। ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਵੀ ਵਾਧੂ ਵਿਸ਼ਿਆਂ ਲਈ 150 ਰੁਪਏ ਦੀ ਥਾਂ 300 ਰੁਪਏ ਫੀਸ ਦੇਣੀ ਪਵੇਗੀ।
ਅਧਿਕਾਰੀ ਨੇ ਕਿਹਾ, '100 ਫੀਸਦੀ ਨੇਤਰਹੀਣ ਵਿਦਿਆਰਥੀਆਂ ਨੂੰ ਸੀਬੀਐਸਈ ਦੀ ਪ੍ਰੀਖਿਆ ਫੀਸ ਤੋਂ ਛੋਟ ਹੈ। ਹਾਲਾਂਕਿ, ਜਿਹੜੇ ਵਿਦਿਆਰਥੀ ਆਖਰੀ ਤਾਰੀਖ ਤੋਂ ਪਹਿਲਾਂ ਨਵੀਂ ਦਰ ਦੇ ਅਨੁਸਾਰ ਫੀਸ ਜਮ੍ਹਾ ਨਹੀਂ ਕਰਦੇ ਹਨ, ਉਹ ਰਜਿਸਟਰਡ ਨਹੀਂ ਹੋਣਗੇ ਤੇ ਉਨ੍ਹਾਂ ਨੂੰ 2019-20 ਲਈ ਇਮਤਿਹਾਨ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਇਸ ਤੋਂ ਇਲਾਵਾ ਮਾਈਗ੍ਰੇਸ਼ਨ ਫੀਸ ਵੀ 150 ਰੁਪਏ ਤੋਂ ਵਧਾ ਕੇ 350 ਰੁਪਏ ਕਰ ਦਿੱਤੀ ਗਈ ਹੈ। ਵਿਦੇਸ਼ਾਂ ਵਿੱਚ ਸੀਬੀਐਸਈ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਹੁਣ ਪੰਜ ਵਿਸ਼ਿਆਂ ਲਈ ਬੋਰਡ ਦੀ ਪ੍ਰੀਖਿਆ ਫੀਸ ਵਜੋਂ 10,000 ਰੁਪਏ ਦੇਣੇ ਪੈਣਗੇ। ਪਹਿਲਾਂ ਇਹ ਰਕਮ ਪੰਜ ਹਜ਼ਾਰ ਰੁਪਏ ਸੀ। ਇਸ ਵਰਗ ਦੇ ਵਿਦਿਆਰਥੀਆਂ ਨੂੰ ਹੁਣ 12ਵੀਂ ਬੋਰਡ ਦੀ ਪ੍ਰੀਖਿਆ ਵਿੱਚ ਵਾਧੂ ਵਿਸ਼ੇ ਲਈ 1000 ਰੁਪਏ ਦੀ ਥਾਂ 2000 ਰੁਪਏ ਦੀ ਫੀਸ ਦੇਣੀ ਪਵੇਗੀ।