ਉੱਤਰੀ ਰੇਲਵੇ ਨੇ ਐਲਾਨ ਕੀਤਾ ਹੈ ਕਿ ਅਟਾਰੀ ਤੋਂ ਲਾਹੌਰ ਦਰਮਿਆਨ ਚੱਲਦੀ ਸਮਝੌਤਾ ਐਕਸਪ੍ਰੈਸ ਰੇਲ ਸੰਖਿਆ 14607/14608 ਅਤੇ ਦਿੱਲੀ ਤੋਂ ਅਟਾਰੀ ਤਕ ਚੱਲਦੀ 14001/14002 ਸਮਝੌਤਾ ਲਿੰਕ ਐਕਸਪ੍ਰੈਸ ਨੂੰ ਰੱਦ ਕੀਤਾ ਜਾਂਦਾ ਹੈ। ਇਹ ਕਦਮ ਪਾਕਿਸਤਾਨ ਵੱਲੋਂ ਰੇਲ ਸੇਵਾ ਬੰਦ ਕਰਨ ਦੇ ਨਤੀਜੇ ਵਜੋਂ ਚੁੱਕਿਆ ਗਿਆ ਹੈ।
ਇਹ ਰੇਲਾਂ ਕਦੋਂ ਤਕ ਰੱਦ ਕੀਤੀਆਂ ਗਈਆਂ ਹਨ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਪਰ ਸੂਤਰਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਪਾਕਿਸਤਾਨ ਆਪਣੇ ਦੇਸ਼ ਵਿੱਚ ਰੇਲਾਂ ਨੂੰ ਦਾਖ਼ਲਾ ਨਹੀਂ ਦਿੰਦਾ, ਟਰੇਨਾਂ ਰੱਦ ਹੀ ਸਮਝੀਆਂ ਜਾਣ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਨੇ ਕਿਹਾ ਸੀ ਕਿ ਜਿੰਨਾ ਸਮਾਂ ਉਹ ਰੇਲ ਮੰਤਰੀ ਹਨ, ਭਾਰਤ ਵੱਲ ਕੋਈ ਵੀ ਟਰੇਨ ਨਹੀਂ ਜਾਵੇਗੀ।
ਪਾਕਿਸਤਾਨ ਨੇ ਬੱਸ ਸੇਵਾ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ। ਬੀਤੇ ਦਿਨੀਂ ਭਾਰਤ ਤੇ ਪਾਕਿਸਤਾਨ ਦਰਮਿਆਨ ਬੱਸਾਂ ਆਖਰੀ ਵਾਰ ਚੱਲੀਆਂ ਸਨ। ਬਿਨਾਂ ਸਵਾਰੀਆਂ ਤੋਂ ਆਪਣੇ ਰੂਟ 'ਤੇ ਗਈ ਭਾਰਤੀ ਬੱਸ ਨੂੰ ਵੀ ਪਾਕਿਸਤਾਨ ਨੇ ਆਪਣੇ ਦੇਸ਼ ਨਾ ਲੈ ਕੇ ਆਉਣ ਦੀ ਗੱਲ ਆਖ ਦਿੱਤੀ ਹੈ। ਭਾਰਤ ਵੱਲੋਂ ਕਸ਼ਮੀਰ ਦਾ ਪੁਨਰਗਠਨ ਕੀਤੇ ਜਾਣ ਮਗਰੋਂ ਪਾਕਿਸਤਾਨ ਲਗਾਤਾਰ ਭਾਰਤ ਨਾਲ ਰਿਸ਼ਤੇ ਖ਼ਤਮ ਕਰ ਰਿਹਾ ਹੈ।