ਕੋਲਕਾਤਾ: ਤੁਹਾਡੇ ਦਰਾਂ ਤਕ ਭੋਜਨ ਪਹੁੰਚਾਉਣ ਵਾਲੀ ਕੰਪਨੀ ਜ਼ੋਮੈਟੇ ਮੁੜ ਵਿਵਾਦਾਂ 'ਚ ਘਿਰ ਗਈ ਹੈ। ਸੈਂਕੜੇ ਮੁਲਾਜ਼ਮਾਂ ਨੇ ਕੰਪੜੀ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੰਪਨੀ ਉਹ ਖਾਣਾ ਉਨ੍ਹਾਂ ਹੱਥ ਭਿਜਵਾ ਰਹੀ ਹੈ, ਜੋ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਬਿਲਕੁਲ ਉਲਟ ਹੈ।


ਕੋਲਕਾਤਾ 'ਚ ਜ਼ੋਮੈਟੋ ਦੇ ਡਿਲਿਵਰੀ ਸਟਾਫ ਨੇ ਦੋਸ਼ ਲਾਏ ਹਨ ਕਿ ਕੰਪਨੀ ਉਨ੍ਹਾਂ ਤੋਂ ਗਾਂ ਦਾ ਮਾਸ (ਬੀਫ) ਅਤੇ ਸੂਰ ਦਾ ਮੀਟ (ਪੋਰਕ) ਦੀ ਡਿਲਿਵਰੀ ਕਰਵਾਈ ਜਾ ਰਹੀ ਹੈ, ਜੋ ਉਨ੍ਹਾਂ ਦੀ ਇੱਛਾ ਦੇ ਉਲਟ ਹੈ। ਸਟਾਫ ਨੇ ਕਿਹਾ ਕਿ ਕੰਪਨੀ ਉਨ੍ਹਾਂ ਦੀ ਨਹੀਂ ਸੁਣ ਰਹੀ ਅਤੇ ਉਨ੍ਹਾਂ ਦੀ ਇੱਛਾ ਵਿਰੁੱਧ ਬੀਫ਼ ਤੇ ਪੋਰਕ ਗਾਹਕਾਂ ਤਕ ਪਹੁੰਚਾਉਣ ਲਈ ਮਜਬੂਰ ਕਰ ਰਹੀ ਹੈ।

ਇਸ ਤੋਂ ਪਹਿਲਾਂ ਵੀ ਕੁਝ ਅਜਿਹਾ ਹੀ ਵਿਵਾਦ ਜ਼ੋਮੈਟੋ ਦੇ ਗਾਹਕ ਨੇ ਖੜ੍ਹਾ ਕਰ ਦਿੱਤਾ ਸੀ। ਪਿਛਲੇ ਮਹੀਨੇ ਇੱਕ ਗਾਹਕ ਨੇ ਜ਼ੋਮੈਟੋ ਦੇ ਡਿਲੀਵਰੀ ਬੁਆਏ ਦੇ ਗ਼ੈਰ ਹਿੰਦੂ ਹੋਣ ਕਰਕੇ ਖਾਣਾ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਅਤੇ ਉਸ ਨੇ ਹਿੰਦੂ ਡਿਲੀਵਰੀ ਬੁਆਏ ਹੱਥ ਹੀ ਖਾਣਾ ਭੇਜਣ ਲਈ ਕਿਹਾ ਸੀ। ਉਦੋਂ ਜ਼ੋਮੈਟੋ ਨੇ ਆਪਣੇ ਕਰਮਚਾਰੀ ਦਾ ਸਾਥ ਦਿੱਤਾ ਸੀ ਅਤੇ ਹਰ ਪਾਸੇ ਉਸ ਗਾਹਕ ਦੀ ਅਲੋਚਨਾ ਵੀ ਹੋਈ ਸੀ। ਪਰ ਹੁਣ ਧਾਰਮਿਕ ਭਾਵਨਾਵਾਂ ਕਰਕੇ ਜ਼ੋਮੈਟੋ ਖ਼ੁਦ ਹੀ ਵਿਵਾਦਾਂ ਵਿੱਚ ਘਿਰ ਗਈ ਹੈ।