ਕਾਨਪੁਰ: ਉੱਤਰ ਪ੍ਰਦੇਸ਼ ਵਿੱਚ ਕਾਨਪੁਰ ਦੇ ਰਾਏਪੁਰਵਾ ਖੇਤਰ ਵਿੱਚ ਗੁਆਂਢੀਆਂ ਦੇ ਤਾਅਨਿਆਂ-ਮਿਹਣਿਆਂ ਤੋਂ ਤੰਗ ਆ ਕੇ ਸਮੂਹਿਕ ਬਲਾਤਕਾਰ ਦੀ ਪੀੜਤ ਲੜਕੀ ਨੇ ਸ਼ੁੱਕਰਵਾਰ ਸ਼ਾਮ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਹਾਲਾਂਕਿ, ਘਟਨਾ ਸਥਾਨ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਪਰਿਵਾਰ ਵਾਲਿਆਂ ਕਿਹਾ ਹੈ ਕਿ ਪੀੜਤਾ ਪੁਲਿਸ ਦਾ ਲਾਪਰਵਾਹੀ ਤੇ ਗੁਆਂਢ ਵਿੱਚ ਰਹਿੰਦੀ ਇੱਕ ਔਰਤ ਵੱਲੋਂ ਉਸ ਨੂੰ ਮਾਰੇ ਜਾਂਦੇ ਮਿਹਣਿਆਂ ਤੋਂ ਪਰੇਸ਼ਾਨ ਸੀ, ਇਸੇ ਲਈ ਉਸ ਨੇ ਖ਼ੁਦਕੁਸ਼ੀ ਕਰ ਲਈ।


ਇਸ ਘਟਨਾ ਤੋਂ ਨਾਰਾਜ਼ ਲੋਕਾਂ ਨੇ ਪੁਲਿਸ ਦੇ ਸਾਹਮਣੇ ਲਾਪਰਵਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਹੰਗਾਮਾ ਵੀ ਕੀਤਾ। ਪੁਲਿਸ ਨੇ ਕਿਸੇ ਤਰ੍ਹਾਂ ਭੀੜ ਨੂੰ ਸ਼ਾਂਤ ਕੀਤਾ। ਐਸਪੀ (ਪੂਰਬੀ) ਰਾਜਕੁਮਾਰ ਅਗਰਵਾਲ ਮੁਤਾਬਕ ਦੋ ਦਿਨ ਪਹਿਲਾਂ ਪੀੜਤਾ ਦੇ ਮੈਜਿਸਟਰੇਟ ਦੇ ਸਾਹਮਣੇ ਬਿਆਨ ਲਏ ਗਏ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਔਰਤਾਂ ਸਮੇਤ 3 ਗੁਆਂਢੀਆਂ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਇਲਜ਼ਾਮ ਹੈ ਕਿ 13 ਜੁਲਾਈ ਨੂੰ ਇਲਾਕੇ ਦੇ ਹੀ ਵਾਸਿਫ, ਵਸਾਫ ਅਤੇ ਸ਼ੰਮੋ ਛੇਵੀਂ ਜਮਾਤ ਵਿੱਚ ਪੜ੍ਹ ਰਹੀ ਪੀੜਤਾ ਨੂੰ ਫੁਸਲਾ ਕੇ ਆਪਣੇ ਨਾਲ ਲੈ ਗਏ ਤੇ ਕਥਿਤ ਤੌਰ 'ਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। 14 ਜੁਲਾਈ ਨੂੰ ਉਹ ਘਰ ਪਰਤੀ। ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਤਾਂ ਉਹ ਪੁਲਿਸ ਕੋਲ ਪਹੁੰਚੇ। ਪਰ ਪੁਲਿਸ ਰਿਪੋਰਟ ਲਿਖਣ ਦੀ ਬਜਾਏ ਟਾਲ ਮਟੋਲ ਕਰਦੀ ਰਹੀ।


ਰਿਪੋਰਟ 27 ਜੁਲਾਈ ਨੂੰ ਲਿਖੀ ਗਈ ਸੀ, ਪਰ ਪੀੜਤਾ ਦੀ ਉਮਰ ਨਿਰਧਾਰਤ ਨਹੀਂ ਹੋ ਰਹੀ ਸੀ। ਕਾਫ਼ੀ ਕੋਸ਼ਿਸ਼ਾਂ ਬਾਅਦ ਕਾਗਜ਼ਾਂ ਦੇ ਆਧਾਰ 'ਤੇ ਬੁੱਧਵਾਰ ਨੂੰ ਉਸ ਦਾ ਬਿਆਨ ਦਰਜ ਕੀਤਾ ਗਿਆ ਤੇ ਉਸ ਦੀ ਉਮਰ ਦਰਜ ਕੀਤੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਪਹਿਲੀ ਰਿਪੋਰਟ ਛੇੜਛਾੜ ਦੀਆਂ ਧਾਰਾਵਾਂ ਤਹਿਤ ਲਿਖੀ ਗਈ ਸੀ, ਜਦਕਿ ਪੁਲਿਸ ਦਾ ਦਾਅਵਾ ਹੈ ਕਿ ਬਲਾਤਕਾਰ ਦੀ ਰਿਪੋਰਟ ਲਿਖਣ ਵਿੱਚ ਕੁਤਾਹੀ ਨਹੀਂ ਕੀਤੀ ਗਈ।