ਚੰਡੀਗੜ੍ਹ: ਅਪ੍ਰੈਲ-ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਬੀਐਸਈ ਦੇ 10ਵੀਂ ਤੇ 12ਵੀਂ ਜਮਾਤ ਦੇ ਪੇਪਰ ਹੋਣਗੇ। ਐਤਵਾਰ ਨੂੰ ਸੀਬੀਐਸਈ ਨੇ ਇਮਤਿਹਾਨ ਲਈ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ 12ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 3 ਅਪ੍ਰੈਲ ਵਿਚਾਲੇ ਹੋਏਗੀ ਤੇ 10ਵੀਂ ਦੀ ਪ੍ਰੀਖਿਆ 21 ਫਰਵਰੀ ਤੋਂ 29 ਮਾਰਚ ਤਕ ਹੋਏਗੀ।


ਇਮਤਿਹਾਨਾਂ ਤੋਂ ਸੱਤ ਹਫ਼ਤੇ ਪਹਿਲਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਨ ਲਈ ਕਾਫ਼ੀ ਸਮਾਂ ਦਿੱਤਾ ਗਿਆ ਹੈ। ਸੀਬੀਐਸਈ ਨੇ ਕਿਹਾ ਕਿ ਇਮਤਿਹਾਨ ਦੀਆਂ ਤਾਰੀਖਾਂ ਅਜਿਹੇ ਢੰਗ ਨਾਲ ਤੈਅ ਕੀਤੀਆਂ ਗਈਆਂ ਹਨ ਕਿ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਵੀ ਕੋਈ ਟਕਰਾਅ ਨਹੀਂ ਹੋਏਗਾ। ਯਾਦ ਰਹੇ ਕਿ ਪਿਛਲੇ ਸਾਲ ਬੋਰਡ ਨੂੰ ਬਾਰ੍ਹਵੀਂ ਜਮਾਤ ਦੇ ਫਿਜ਼ਿਕਸ ਦੇ ਪੇਪਰ ਦੀ ਮਿਤੀ ਬਦਲਣੀ ਪਈ ਸੀ ਕਿਉਂਕਿ ਉਸੇ ਦਿਨ ਜੇਈਈ ਦੀ ਮੁੱਖ ਪ੍ਰੀਖਿਆ ਵੀ ਹੋਣੀ ਸੀ।

ਪ੍ਰੀਖਿਆ ਕੋਟਰੋਲਰ ਡਾ. ਸੰਯਮ ਭਾਰਦਵਾਜ ਨੇ ਕਿਹਾ ਕਿ ਡੇਟਸ਼ੀਟ ਤਿਆਰ ਕਰਦੇ ਸਮੇਂ ਦਿੱਲੀ ਯੂਨੀਵਰਸਿਟੀ ਦੇ ਦਾਖਲੇ ਦੀ ਪ੍ਰੀਖਿਆ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਤੀਜੇ ਜੂਨ ਦੇ ਪਹਿਲੇ ਹਫਤੇ ਵਿੱਚ ਐਲਾਨੇ ਜਾਣਗੇ। ਇਸ ਵਾਰ ਸੀਬੀਐਸਈ 10ਵੀਂ ਤੇ 12ਵੀਂ ਪ੍ਰੀਖਿਆ ਜਲਦੀ ਕਰਵਾਈ ਜਾ ਰਹੀ ਹੈ। ਇਸ ਪਿੱਛੇ ਕਾਰਨ ਅਗਲੇ ਸਾਲ ਅਪ੍ਰੈਲ-ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਹੈ।