Tomato Prices: ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਅਤੇ ਮੁੰਬਈ ਦੇ ਪ੍ਰਚੂਨ ਬਾਜ਼ਾਰਾਂ ‘ਚ ਸਰਕਾਰ ਸਸਤੇ ਭਾਅ ‘ਤੇ ਟਮਾਟਰ ਵੇਚੇਗੀ। ਅੱਜ ਸ਼ੁੱਕਰਵਾਰ ਤੋਂ ਟਮਾਟਰ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣਗੇ। ਫਿਲਹਾਲ ਇਹ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ 60 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ ਉਤੇ ਟਮਾਟਰਾਂ ਦੀ ਵਿਕਰੀ ਸ਼ੁਰੂ ਕੀਤੀ ਸੀ। ਬਾਅਦ ਵਿੱਚ ਇਸ ਦੀ ਵਿਕਰੀ ਮੁੰਬਈ ਵਿੱਚ ਵੀ ਸ਼ੁਰੂ ਕੀਤੀ ਗਈ।





ਖਪਤਕਾਰ ਮੰਤਰੀ ਨੇ ਕਿਹਾ, ‘ਸਾਡੇ ਦਖਲ ਤੋਂ ਬਾਅਦ ਟਮਾਟਰ ਦੀਆਂ ਕੀਮਤਾਂ ਹੇਠਾਂ ਆਈਆਂ ਹਨ।’ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ, ‘ਅਸੀਂ 2 ਅਗਸਤ ਤੋਂ ਦਿੱਲੀ ਅਤੇ ਮੁੰਬਈ ਵਿਚ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਦੀ ਵਿਕਰੀ ਸ਼ੁਰੂ ਕਰਾਂਗੇ। ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮ. (NCCF) ਮੋਬਾਈਲ ਵੈਨਾਂ ਰਾਹੀਂ ਟਮਾਟਰ ਵੇਚ ਰਹੀ ਹੈ।



ਜਾਣੋ ਕੀ ਹਨ ਪ੍ਰਚੂਨ ਕੀਮਤਾਂ
ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਅਨੁਸਾਰ 31 ਜੁਲਾਈ ਨੂੰ ਟਮਾਟਰ ਦੀ ਅਖਿਲ ਭਾਰਤੀ ਔਸਤ ਕੀਮਤ 61.74 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਬੁੱਧਵਾਰ ਨੂੰ ਦਿੱਲੀ ‘ਚ ਔਸਤਨ ਕੀਮਤ 70 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂ ਕਿ ਕਈ ਥਾਵਾਂ ‘ਤੇ ਪ੍ਰਚੂਨ ਬਾਜ਼ਾਰ ‘ਚ ਟਮਾਟਰ 80 ਰੁਪਏ ਜਾਂ ਇਸ ਤੋਂ ਵੱਧ ਵਿਕ ਰਹੇ ਹਨ। ਪਿਛਲੇ ਮਹੀਨੇ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਈ ਸੀ। ਇਸ ਦਾ ਕਾਰਨ ਇਹ ਹੈ ਕਿ ਕਈ ਉਤਪਾਦਕ ਰਾਜਾਂ ਵਿੱਚ ਗਰਮੀ ਅਤੇ ਅਨਿਯਮਿਤ ਬਾਰਿਸ਼ ਕਾਰਨ ਸਪਲਾਈ ਪ੍ਰਭਾਵਿਤ ਹੋਈ ਸੀ।


ਉਨ੍ਹਾਂ ਕਿਹਾ ਕਿ ਮੰਤਰਾਲਾ ਮਦਰ ਡੇਅਰੀ ਨੂੰ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ‘ਸਫਲ’ ਸਟੋਰਾਂ ਰਾਹੀਂ ਟਮਾਟਰ ਵੇਚਣ ਲਈ ਸ਼ਾਮਲ ਕਰਨ ‘ਤੇ ਵਿਚਾਰ ਕਰੇਗਾ। ਇਸ ਮਾਮਲੇ ਵਿੱਚ, ਮੰਤਰਾਲੇ ਨੇ ਕੀਮਤ ਸਥਿਰਤਾ ਫੰਡ (ਪੀਐਸਐਫ) ਦੀ ਵਰਤੋਂ ਨਹੀਂ ਕੀਤੀ ਹੈ ਕਿਉਂਕਿ ਟਮਾਟਰ ਸਿੱਧੇ ਮੰਡੀਆਂ ਵਿੱਚੋਂ ਖਰੀਦੇ ਗਏ ਹਨ। 


ਫੈਡਰੇਸ਼ਨ ਥੋਕ ਬਾਜ਼ਾਰ ਵਿੱਚੋਂ ਟਮਾਟਰ ਖਰੀਦ ਕੇ ਵਾਜਬ ਪ੍ਰਚੂਨ ਭਾਅ ਉਤੇ ਵੇਚ ਰਹੀ ਹੈ। ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਚੂਨ ਪੱਧਰ ਉਤੇ ਮੁਨਾਫਾ ਮਾਰਜ਼ਨ ਵਾਜਬ ਬਣੇ ਰਹਿਣ ਅਤੇ ਵਿਚੋਲਿਆਂ ਦੇ ਮੁਨਾਫੇ ਨੂੰ ਰੋਕਣਾ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।