ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਹੁਣ ਗਰਮੀ ਦਾ ਮੌਸਮ ਵੀ ਜੋਬਨ 'ਤੇ ਹੈ। ਤਾਪਮਾਨ 'ਚ ਇਜ਼ਾਫਾ ਹੰਦਿਆਂ ਹੀ ਲੋਕਾਂ ਨੇ ਏਸੀ ਦਾ ਇਸਤੇਮਾਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। AC ਚਲਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਗਾਇਡਲਾਇਨਜ਼ ਜਾਰੀ ਕੀਤੀਆਂ ਹਨ। ਜਿਸ ਦੇ ਮੁਤਾਬਕ ਕੋਵਿਡ-19 ਮਹਾਮਾਰੀ ਦੌਰਾਨ ਲੱਗੇ AC ਦਾ ਤਾਪਮਾਨ 24-30 ਡਿਗਰੀ ਸੈਂਟੀਗ੍ਰੇਡ ਵਿਚਾਲੇ ਹੋਣਾ ਚਾਹੀਦਾ ਹੈ।


ਸਰਕਾਰ ਨੇ ਕਿਹਾ ਹੈ ਕਿ ਹਿਊਮਿਡਿਟੀ ਦੀ ਮਾਤਰਾ 40-70 ਫੀਸਦ ਦੇ ਵਿਚ ਹੋਣੀ ਚਾਹੀਦੀ ਹੈ। ਇਹ ਗਾਇਡਲਾਇਨਜ਼ ਇੰਡੀਅਨ ਸੋਸਾਇਟੀ ਆਫ਼ ਹੀਟਿੰਗ ਰੇਫਰੀਜਰੇਟਿੰਗ ਐਂਡ ਏਅਰ ਕੰਡੀਸ਼ਨਰ ਇੰਜੀਨੀਅਰਸ ਨੇ ਤਿਆਰ ਕੀਤੀਆਂ ਹਨ। ਇਸ ਤੋਂ ਬਾਅਦ ਹੀ ਕੇਂਦਰੀ ਲੋਕ ਨਿਰਮਾਣ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਨ।


20 ਅਪ੍ਰੈਲ ਤੋਂ ਕੇਂਦਰ ਸਰਕਾਰ ਦੇ ਜ਼ਿਆਦਾਤਰ ਦਫ਼ਤਰ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਦਫ਼ਤਰਾਂ 'ਚ ਵੀ AC ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਵੀ ਗਾਇਡਲਾਇਨਜ਼ ਜਾਰੀ ਕੀਤੀਆਂ ਗਈਆਂ ਹਨ। ਘਰਾਂ 'ਚ AC ਚਲਾਉਂਦੇ ਸਮੇਂ ਕੁਝ ਹੋਰ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। AC ਚਲਾਉਂਦੇ ਸਮੇਂ ਪੱਖਾਂ ਜ਼ਰੂਰ ਚਲਾਓ ਤਾਂਕਿ ਕਮਰੇ 'ਚ ਹਵਾ ਦੀ ਗਤੀ ਬਣੀ ਰਹੇ। AC ਵਾਲੇ ਕਮਰੇ 'ਚ ਖਿੜਕੀ ਵੀ ਹੋਣੀ ਚਾਹੀਦੀ ਹੈ, ਖਿੜਕੀ ਖੁੱਲ੍ਹੀ ਰੱਖੋ ਤਾਂ ਜੋ ਤਾਜ਼ੀ ਹਵਾ ਆਉਂਦੀ ਰਹੇ।


ਜੇਕਰ ਐਗਜੌਸਟ ਫੈਨ ਹੈ ਤਾਂ ਇਸਤੇਮਾਲ ਕਰੋ ਤਾਂਕਿ ਦੂਸ਼ਿਤ ਹਵਵਾ ਬਾਹਰ ਜਾ ਸਕੇ। AC ਪਹਿਲੀ ਵਾਰ ਚਲਾਉਣ ਤੋਂ ਪਹਿਲਾਂ ਸਰਵਿਸ ਕਰਾ ਲਓ। ਕਮਰਸ਼ੀਅਲ ਅਤੇ ਇੰਸਟਰੀਅਲ ਸੈਕਟਰ ਲਈ ਗਾਇਡਲਾਇਨਜ਼ 'ਚ ਦੱਸਿਆ ਗਿਆ ਹੈ ਕਿ ਜੇਕਰ ਲੰਮੇ ਸਮੇਂ ਤੋਂ AC ਦੀ ਵਰਤੋਂ ਨਹੀਂ ਕੀਤੀ ਤਾਂ ਪਹਿਲਾਂ ਇਸਦੀ ਸਰਵਿਸ ਕਰਾ ਲਈ ਜਾਵੇ। ਇਸ ਤੋਂ ਇਲਾਵਾ AC ਦੇ ਇਸਤੇਮਾਲ ਵਾਲੀ ਥਾਂ 'ਤੇ ਵੈਂਟੀਲੇਸ਼ਨ ਹੋਣਾ ਚਾਹੀਦਾ ਤਾਂ ਜੋ ਤਾਜ਼ੀ ਹਵਾ ਦੀ ਸਾਕਾਰਾਤਮਕ ਪ੍ਰਭਾਵ ਬਣਿਆ ਰਹੇ।