ਚੰਡੀਗੜ੍ਹ: ਸ਼ਹਿਰ ਦੇ ਸੀਐੱਫਐੱਸਐੱਲ ਦਫਤਰ ਦੇ ਸਾਹਮਣੇ ਜ਼ਮੀਨ ਤੋਂ ਲਗਪਗ ਤੀਹ ਫੁੱਟ ਹੇਠਾਂ ਬੰਕਰ ਵਿੱਚ ਕੁਝ ਸ਼ੱਕੀ ਇਨਸਾਨ ਰਹਿ ਰਹੇ ਸੀ, ਜਿਸ ਦਾ ਖ਼ੁਲਾਸਾ ਹੋਣ ਬਾਅਦ ਆਪਣੀ ਜਾਂਚ ਅਤੇ ਖੋਜ ਲਈ ਮੰਨੇ ਜਾਣ ਵਾਲੇ ਸੀਐਫਐਸਐਲ ਦੇ ਵਿਗਿਆਨੀ ਵੀ ਹੈਰਾਨ ਹੋ ਗਏ। ਇਨ੍ਹਾਂ ਲੋਕਾਂ ਨੇ ਬਰਸਾਤੀ ਪਾਣੀ ਦੀਆਂ ਪਾਈਪਾਂ ਵਿੱਚ ਹੀ ਆਪਣਾ ਘਰ ਬਣਾਇਆ ਹੋਇਆ ਸੀ। ਇਹ ਬੰਕਰ ਵੀ ਕੋਈ ਛੋਟਾ ਨਹੀਂ, ਬਲਕਿ ਇੱਕ ਕਨਾਲ ਦੇ ਪੂਰੇ ਮਕਾਨ ਜਿੱਡਾ ਵੱਡਾ ਹੈ। ਜੋ 72 ਫੁੱਟ ਚੌੜਾ ਤੇ 140 ਫੁੱਟ ਲੰਬਾ ਹੈ। ਇੱਥੋਂ ਕੰਬਲ, ਗੱਦੇ, ਬਿਸਤਰੇ ਤੇ ਕੱਪੜਿਆਂ ਸਮੇਤ ਰਸੋਈ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।
ਇਸ ਵਿੱਚ ਕਮਰੇ ਦੇ ਹਿਸਾਬ ਨਾਲ ਸੱਤ ਅੱਠ ਕਮਰੇ ਵੀ ਸਨ। ਇਸ ਬੰਕਰ ਨੂੰ ਵੇਖ ਕੇ ਇਹ ਲੱਗ ਰਿਹਾ ਸੀ ਕਿ ਬਹੁਤ ਸਾਰੇ ਲੋਕ ਕਈ ਸਾਲਾਂ ਤੋਂ ਇੱਥੇ ਚੁੱਪ-ਚਾਪ ਰਹਿ ਰਹੇ ਸਨ। ਇਸ ਬਾਰੇ ਹੁਣ ਤੱਕ ਕਿਸੇ ਨੂੰ ਕਿਉਂ ਨਹੀਂ ਪਤਾ ਸੀ? ਇਨ੍ਹਾਂ ਸ਼ੱਕੀ ਵਿਅਕਤੀਆਂ ਨੇ ਗਟਰ ਪਾਈਪ ਲਾਈਨ ਵਿੱਚ ਖੁਦਾਈ ਕਰਕੇ ਤੇ ਕੱਟ ਕੇ ਜ਼ਮੀਨ ਤੋਂ ਕਰੀਬ 32 ਫੁੱਟ ਹੇਠਾਂ ਕਈ ਗਟਰਾਂ ਨੂੰ ਆਪਸ ਵਿੱਚ ਜੋੜਿਆ ਹੋਇਆ ਸੀ।
ਹੈਰਾਨੀ ਵਾਲੀ ਗੱਲ ਹੈ ਕਿ ਸੀਐੱਫਐੱਸਐੱਲ ਦੇ ਗੇਟ ਉੱਤੇ ਤਾਇਨਾਤ ਆਈਟੀਬੀਪੀ ਵੀ ਇਸ ਸੁਰੰਗ ਦੀ ਰਿਹਾਇਸ਼ ਤੋਂ ਵਾਕਿਫ਼ ਨਹੀਂ ਸੀ। ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੇ ਜਦੋਂ ਟਨਲ ਦੀ ਸਫਾਈ ਕਰਨ ਦੀ ਕੋਸ਼ਿਸ਼ ਕੀਤੀ, ਉਸ ਸਮੇਂ ਉਨ੍ਹਾਂ ਨੂੰ ਅੰਦਰੋਂ ਆਵਾਜ਼ਾਂ ਸੁਣਾਈ ਦਿੱਤੀਆਂ। ਕਾਰਪੋਰੇਸ਼ਨ ਦੇ ਕਰਮਚਾਰੀਆਂ ਨੇ ਪੁਲਿਸ ਨੂੰ ਇਤਲਾਹ ਕੀਤੀ, ਪਰ ਉਦੋਂ ਤਕ ਟਨਲ ਵਿੱਚ ਰਹਿੰਦੇ ਸ਼ੱਕੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ।
ਫਿਲਹਾਲ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਸਰਚ ਆਪਰੇਸ਼ਨ ਵਿੱਚ ਸਾਹਮਣੇ ਆਇਆ ਹੈ ਕਿ ਜ਼ਮੀਨ ਤੋਂ ਲਗਪਗ ਤੀਹ ਫੁੱਟ ਹੇਠਾਂ ਕੁਝ ਲੋਕ ਆਪਣਾ ਘਰ ਵਸਾਈ ਬੈਠੇ ਸੀ। ਇੱਥੇ ਆਉਣ-ਜਾਣ ਲਈ ਜੋ ਰਾਹ ਸੀ, ਉਗ ਟਨਲ ਦਾ ਇੱਕ ਪਾਸਾ ਬਰਸਾਤੀ ਨਾਲੇ ਵਿੱਚ ਖੁੱਲ੍ਹਦਾ ਸੀ। ਚੰਡੀਗੜ੍ਹ ਪੁਲੀਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਟਨਲ ਵਿੱਚ ਰਹਿਣ ਵਾਲੇ ਸ਼ੱਕੀ ਰਿਕਸ਼ਾ ਚਲਾਉਣ ਵਾਲੇ ਹੀ ਭਿਖਾਰੀ ਹੋ ਸਕਦੇ ਹਨ।