ਚੰਡੀਗੜ੍ਹ: ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਦੋਪਹੀਆ ਵਾਹਨ ਚਲਾਉਂਦਿਆਂ ਹੈਲਮਟ ਨਾ ਪਹਿਣਨ 'ਤੇ ਔਰਤਾਂ ਦਾ ਚਲਾਨ ਕੱਟਣਾ ਦੂਜੇ ਦਿਨ ਵੀ ਜਾਰੀ ਹੈ। ਇਸ ਦੇ ਚੱਲਦਿਆਂ ਅਕਾਲੀ ਦਲ ਤੇ ਹੋਰ ਸਿੱਖ ਜਥੇਬੰਦੀਆਂ ਨੇ 15 ਸਤੰਬਰ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।


ਅਕਾਲੀ ਦਲ ਦੇ ਲੋਕਲ ਵਿੰਗ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਅਕਾਲੀ ਵਫਦ ਵੱਲੋਂ 6 ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਗਵਰਨਰ ਗਾਊਸ 'ਚ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਵਾਪਸ ਲੈਣ ਲਈ ਮੰਗ ਪੱਤਰ ਸੌਂਪਿਆ ਸੀ ਪਰ ਉਸ 'ਤੇ ਕੋਈ ਕਾਰਵਾਈ ਨਾ ਹੋਣ ਕਾਰਨ ਪ੍ਰਦਰਸ਼ਨ ਕੀਤਾ ਜਾਵੇਗਾ।


ਉਨ੍ਹਾਂ ਦੱਸਿਆ ਕਿ ਉਸ ਵੇਲੇ ਕਿਹਾ ਗਿਆ ਸੀ ਕਿ ਮੰਗ ਪੱਤਰ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਹੈ ਤੇ ਜਵਾਬ 'ਤੇ 10 ਦਿਨ ਲੱਗਣਗੇ। ਜਦਕਿ 10 ਦਿਨ ਇੰਤਜ਼ਾਰ ਕਰਨ ਤੋਂ ਬਾਅਦ ਪ੍ਰਦਰਸ਼ਨ ਦਾ ਫੈਸਲਾ ਲਿਆ ਗਿਆ ਹੈ। ਦੂਜੇ ਪਾਸੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਔਰਤਾਂ ਲਈ ਹੈਲਮੇਟ ਲਾਜ਼ਮੀ ਪ੍ਰਤੀ ਜਾਗਰੂਕ ਮੁਹਿੰਮ ਚਲਾਈ ਗਈ। ਕੱਲ੍ਹ ਅਟਾਵਾ ਚੌਕ 'ਚ 72 ਚਲਾਨ ਕੱਟੇ ਗਏ ਜਦਕਿ ਸੈਕਟਰ 11 ਤੇ 20 'ਚ ਹੱਲਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਵੀ ਲਾਇਆ ਗਿਆ।


ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਐਸਐਸਪੀ ਨੇ ਕਿਹਾ ਕਿ ਕਈ ਔਰਤਾਂ ਅਜੇ ਤੱਕ ਵੀ ਹੈਲਮੇਟ ਦੇ ਨਿਯਮ ਤੋਂ ਅਣਜਾਣ ਹਨ। ਉਨ੍ਹਾਂ ਨੂੰ ਅਜੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜਾਗਰੂਕ ਮੁਹਿੰਮ 15 ਸਤੰਬਰ ਤੱਕ ਹੈ ਇਸ ਤੋਂ ਬਾਅਦ ਇਸ ਨੂੰ ਬੰਦ ਕਰਕੇ ਚਲਾਨ ਕੱਟਣੇ ਲਾਜ਼ਮੀ ਕਰ ਦਿੱਤੇ ਜਾਣਗੇ। ਦੂਜੇ ਪਾਸੇ ਅਕਾਲੀ ਦਲ ਨੇ 15 ਸਤੰਬਰ ਨੂੰ ਹੀ ਹੈਲਮੇਟ ਲਾਜ਼ਮੀ ਕਰਨ ਵਿਰੁੱਧ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।