ਨਵੀਂ ਦਿੱਲੀ: ਐਤਵਾਰ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਵਿੱਚ ਵੋਟਿੰਗ ਜਾਰੀ ਹੈ ਤੇ ਹਾਲੇ ਨਤੀਜੇ ਪੰਜ ਦਿਨ ਬਾਅਦ ਐਲਾਨੇ ਜਾਣੇ ਹਨ ਪਰ ਵਿਰੋਧੀ ਧਿਰਾਂ ਦੀਆਂ ਸਰਗਮੀਆਂ ਕਾਫੀ ਵਧ ਗਈਆਂ ਹਨ। ਇਸ ਦਾ ਅੰਦਾਜ਼ਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਵੱਲੋਂ ਯੂਨਾਈਟਿਡ ਪ੍ਰੋਗ੍ਰੈਸਿਵ ਅਲਾਇੰਸ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਹੈ। ਨਾਇਡੂ ਦੀ ਪਿਛਲੇ 24 ਘੰਟਿਆਂ ਵਿੱਚ ਇਹ ਦੂਜੀ ਮੁਲਾਕਾਤ ਹੈ।

ਦੂਜੀ ਵਾਰ ਕਾਂਗਰਸ ਤੇ ਐਨਸੀਪੀ ਨਾਲ ਮਿਲਣ ਤੋਂ ਪਹਿਲਾਂ ਨਾਇਡੂ ਨੇ ਸ਼ਨੀਵਾਰ ਸ਼ਾਮੀਂ ਲਖਨਊ ਵਿੱਚ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਵੀ ਮਿਲ ਚੁੱਕੇ ਹਨ। ਸੂਤਰਾਂ ਮੁਤਾਬਕ ਨਾਇਡੂ ਦੀ ਮਾਇਆਵਤੀ ਤੇ ਅਖਿਲੇਸ਼ ਯਾਦਵ ਨਾਲ ਗੱਲਬਾਤ ਸਕਾਰਾਤਮਕ ਰਹੀ ਹੈ।



ਨਾਇਡੂ ਕੇਂਦਰ ਵਿੱਚ ਗੈਰ ਭਾਜਪਾ ਸਰਕਾਰ ਬਣਾਉਣ ਲਈ ਵਿਰੋਧੀ ਦਲਾਂ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਹ ਸ਼ੁੱਕਰਵਾਰ ਨੂੰ ਕਮਿਊਨਿਸਟ ਪਾਰਟੀ ਆਫ ਇੰਡੀਆ (ਐਮ) ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਸੀ। ਇੱਕ ਹਫ਼ਤਾ ਪਹਿਲਾਂ ਚੰਦਰਬਾਬੂ ਨਾਇਡੂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕੀਤੀ ਸੀ।

ਚੰਦਰਬਾਬੂ ਨਾਇਡੂ ਦਾ ਦਾਅਵਾ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਐਨਡੀਏ 200 ਤੋਂ ਵੱਧ ਸੀਟਾਂ ਨਹੀਂ ਜਿੱਤ ਸਕਦਾ ਤੇ ਵਿਰੋਧੀ ਪਾਰਟੀਆਂ ਚਾਹੁੰਣ ਤਾਂ ਇੱਕ ਮੰਚ ਬਣਾ ਸਕਦੀਆਂ ਹਨ। ਉੱਧਰ, ਸੋਨੀਆ ਗਾਂਧੀ ਵੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਲਈ ਸਰਗਮਰ ਹੋ ਗਈ ਹੈ। ਸੂਤਰਾਂ ਮੁਤਾਬਕ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੇ ਹੋਰ ਨੇਤਾਵਾਂ ਨਾਲ ਗੱਲਬਾਤ ਵੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਇਨ੍ਹਾਂ ਨੇਤਾਵਾਂ ਨੇ ਤਿਕੋਣੀ ਸੰਸਦ ਦੀ ਸਥਿਤੀ ਵਿੱਚ ਪਾਰਟੀ ਦੀ ਰਣਨੀਤੀ ਤਿਆਰ ਕੀਤੀ ਹੈ।