Chandrayaan 3 Moon Landing: ਭਾਰਤ ਪੁਲਾੜ ਦੀ ਦੁਨੀਆ ਵਿੱਚ ਇਤਿਹਾਸ ਰਚਣ ਲਈ ਤਿਆਰ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਤੀਜੇ ਚੰਦਰ ਮਿਸ਼ਨ ਦੇ ਹਿੱਸੇ ਵਜੋਂ, ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐਲਐਮ) ਬੁੱਧਵਾਰ ਯਾਨੀਕਿ ਅੱਜ ਸ਼ਾਮ 6:40 ਵਜੇ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ। ਇਸ ਤਰ੍ਹਾਂ ਕਰਨ ਨਾਲ ਭਾਰ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚੇਗਾ।


ਅਮਰੀਕਾ, ਸਾਬਕਾ ਸੋਵੀਅਤ ਸੰਘ ਅਤੇ ਚੀਨ ਨੇ ਚੰਦਰਮਾ ਦੀ ਸਤ੍ਹਾ 'ਤੇ 'ਸਾਫਟ ਲੈਂਡਿੰਗ' ਕੀਤੀ ਹੈ ਪਰ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਤੇ ਉਨ੍ਹਾਂ ਦੀ 'ਸਾਫਟ ਲੈਂਡਿੰਗ' ਨਹੀਂ ਹੋਈ ਹੈ। ਚੰਦਰਯਾਨ-3 'ਚੰਦਰਯਾਨ-2' ਦਾ ਉਤਰਾਧਿਕਾਰੀ ਮਿਸ਼ਨ ਹੈ ਅਤੇ ਇਸ ਦਾ ਉਦੇਸ਼ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਅਤੇ ਸਾਫਟ -ਲੈਂਡਿੰਗ (soft landing) ਦਾ ਪ੍ਰਦਰਸ਼ਨ ਕਰਨਾ, ਚੰਦਰਮਾ 'ਤੇ ਚੱਲਣਾ ਅਤੇ ਵਿਗਿਆਨਕ ਪ੍ਰਯੋਗ ਕਰਨਾ ਹੈ।



ਚੰਦਰਯਾਨ-2 ਕਦੋਂ ਫੇਲ ਹੋਇਆ?
ਚੰਦਰਯਾਨ-2 ਮਿਸ਼ਨ 7 ਸਤੰਬਰ, 2019 ਨੂੰ ਚੰਦਰਮਾ 'ਤੇ ਉਤਰਨ ਦੀ ਪ੍ਰਕਿਰਿਆ ਦੌਰਾਨ ਅਸਫ਼ਲ ਹੋ ਗਿਆ ਸੀ, ਜਦੋਂ ਇਸ ਦਾ ਲੈਂਡਰ 'ਵਿਕਰਮ' ਬ੍ਰੇਕ ਸਿਸਟਮ ਵਿੱਚ ਖਰਾਬੀ ਕਾਰਨ ਚੰਦਰਮਾ ਦੀ ਸਤ੍ਹਾ ਨਾਲ ਟਕਰਾ ਗਿਆ ਸੀ। ਭਾਰਤ ਦਾ ਪਹਿਲਾ ਚੰਦਰ ਮਿਸ਼ਨ ਚੰਦਰਯਾਨ-1 2008 ਵਿੱਚ ਲਾਂਚ ਕੀਤਾ ਗਿਆ ਸੀ।


14 ਜੁਲਾਈ ਨੂੰ ਭਾਰਤ ਨੇ 'ਲਾਂਚ ਵਹੀਕਲ ਮਾਰਕ-III' (LVM3) ਰਾਕੇਟ ਰਾਹੀਂ 600 ਕਰੋੜ ਰੁਪਏ ਦੀ ਲਾਗਤ ਨਾਲ ਆਪਣਾ ਤੀਜਾ ਚੰਦਰ ਮਿਸ਼ਨ - 'ਚੰਦਰਯਾਨ-3' ਲਾਂਚ ਕੀਤਾ। ਇਸ ਦੇ ਤਹਿਤ 41 ਦਿਨਾਂ ਦੀ ਆਪਣੀ ਯਾਤਰਾ 'ਚ ਇਹ ਵਾਹਨ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਤੇ ਇਕ ਵਾਰ ਫਿਰ 'ਸਾਫਟ ਲੈਂਡਿੰਗ' ਦੀ ਕੋਸ਼ਿਸ਼ ਕਰੇਗਾ, ਜਿੱਥੇ ਹੁਣ ਤੱਕ ਕੋਈ ਵੀ ਦੇਸ਼ ਨਹੀਂ ਪਹੁੰਚਿਆ ਹੈ।


ਰੂਸ ਅਸਫਲ ਰਿਹਾ
ਚੰਦਰਯਾਨ-3 ਦੀ 'ਸਾਫਟ ਲੈਂਡਿੰਗ' ਤੋਂ ਕੁਝ ਦਿਨ ਪਹਿਲਾਂ, ਰੂਸ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਦੀ ਦੌੜ ਵਿਚ ਪਿੱਛੇ ਰਹਿ ਗਿਆ ਸੀ, ਜਦੋਂ ਇਸ ਦਾ ਰੋਬੋਟਿਕ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਕਰੈਸ਼ ਹੋ ਗਿਆ ਸੀ। ਰੂਸੀ ਲੈਂਡਰ ਲੂਨਾ-25 ਚੰਦਰਮਾ 'ਤੇ ਬੇਕਾਬੂ ਪੰਧ 'ਚ ਜਾ ਕੇ ਹਾਦਸਾਗ੍ਰਸਤ ਹੋ ਗਿਆ।


 






ਇਸਰੋ ਨੇ ਕੀ ਕਿਹਾ?
ਇਸਰੋ ਨੇ ਮੰਗਲਵਾਰ (22 ਅਗਸਤ) ਨੂੰ ਕਿਹਾ ਕਿ ਚੰਦਰਯਾਨ-3 ਮਿਸ਼ਨ ਤੈਅ ਸਮੇਂ ਮੁਤਾਬਕ ਅੱਗੇ ਵਧ ਰਿਹਾ ਹੈ। ਪੁਲਾੜ ਏਜੰਸੀ ਨੇ ਕਿਹਾ ਕਿ 'ਇਸਰੋ ਟੈਲੀਮੈਟਰੀ, ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ' (ISTRAC) 'ਚ ਸਥਿਤ 'ਮਿਸ਼ਨ ਆਪ੍ਰੇਸ਼ਨ ਕੰਪਲੈਕਸ' 'ਚ ਉਤਸ਼ਾਹ ਦਾ ਮਾਹੌਲ ਹੈ।


ਇਸਰੋ ਨੇ ਕਿਹਾ ਕਿ MOX/ISTRAC ਤੋਂ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦਾ ਸਿੱਧਾ ਪ੍ਰਸਾਰਣ ਬੁੱਧਵਾਰ ਸ਼ਾਮ 5.20 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ। ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮਾਡਿਊਲ ਦੇ ਬੁੱਧਵਾਰ ਸ਼ਾਮ 6.45 ਵਜੇ ਚੰਦਰਮਾ ਦੀ ਸਤ੍ਹਾ ਦੇ ਦੱਖਣੀ ਧਰੁਵੀ ਖੇਤਰ ਦੇ ਨੇੜੇ ਉਤਰਨ ਦੀ ਉਮੀਦ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।