Chandrayaan 3 Launch Update: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ (2 ਸਤੰਬਰ) ਨੂੰ ਕਿਹਾ ਕਿ ਚੰਦਰਮਾ 'ਤੇ ਭੇਜੇ ਗਏ ਚੰਦਰਯਾਨ-3 ਦੇ ਰੋਵਰ ਪ੍ਰਗਿਆਨ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਹੁਣ ਇਸ ਨੂੰ ਸੁਰੱਖਿਅਤ ਢੰਗ ਨਾਲ ਪਾਰਕ ਕੀਤਾ ਗਿਆ ਹੈ।
ਇਸਰੋ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ, "ਚੰਦਰਯਾਨ-3 ਰੋਵਰ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਇਹ ਹੁਣ ਸੁਰੱਖਿਅਤ ਤਰੀਕੇ ਨਾਲ ਪਾਰਕ ਅਤੇ ਸਲੀਪ ਮੋਡ 'ਤੇ ਸੈੱਟ ਕੀਤਾ ਗਿਆ ਹੈ। ਪੇਲੋਡ ਏਪੀਐਕਸਐਸ (APXS) ਅਤੇ ਐਲਆਈਬੀਐਸ ਦੋਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਨ੍ਹਾਂ ਪੇਲੋਡਾਂ ਦਾ ਡਾਟਾ ਲੈਂਡਰ ਰਾਹੀਂ ਧਰਤੀ 'ਤੇ ਭੇਜਿਆ ਗਿਆ ਹੈ। ਬੈਟਰੀ ਪੂਰੀ ਤਰ੍ਹਾਂ ਚਾਰਜ ਹੋ ਗਈ ਹੈ। ਸੋਲਰ ਪੈਨਲ ਨੂੰ ਅਜਿਹੀ ਦਿਸ਼ਾ 'ਚ ਰੱਖਿਆ ਗਿਆ ਹੈ ਕਿ ਜਦੋਂ 22 ਸਤੰਬਰ 2023 ਨੂੰ ਸੂਰਜ ਚੜ੍ਹੇ ਤਾਂ ਸੂਰਜ ਦੀ ਰੌਸ਼ਨੀ ਸੋਲਰ ਪੈਨਲਾਂ 'ਤੇ ਪਵੇ। ਰਿਸੀਵਰ ਨੂੰ ਚਾਲੂ ਰੱਖਿਆ ਗਿਆ ਹੈ।
ਇਸਰੋ ਮੁਖੀ ਐਸ ਸੋਮਨਾਥ ਨੇ ਸ਼ਨੀਵਾਰ ਸਵੇਰੇ ਕਿਹਾ ਸੀ ਕਿ ਚੰਦਰਮਾ 'ਤੇ ਭੇਜੇ ਗਏ ਚੰਦਰਯਾਨ-3 ਦਾ ਰੋਵਰ ਅਤੇ ਲੈਂਡਰ ਸਹੀ ਢੰਗ ਨਾਲ ਕੰਮ ਕਰ ਰਹੇ ਹਨ। ਸੋਮਨਾਥ ਨੇ ਕਿਹਾ ਕਿ ਲੈਂਡਰ 'ਵਿਕਰਮ' ਅਤੇ ਰੋਵਰ 'ਪ੍ਰਗਿਆਨ' ਅਜੇ ਵੀ ਕੰਮ ਕਰ ਰਹੇ ਹਨ ਅਤੇ ਸਾਡੀ ਟੀਮ ਹੁਣ ਵਿਗਿਆਨਕ ਉਪਕਰਣਾਂ ਨਾਲ ਬਹੁਤ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਚੰਗੀ ਖ਼ਬਰ ਹੈ ਕਿ ਰੋਵਰ ਲੈਂਡਰ ਤੋਂ ਘੱਟੋ ਘੱਟ 100 ਮੀਟਰ ਦੀ ਦੂਰੀ 'ਤੇ ਹੈ। ਅਸੀਂ ਆਉਣ ਵਾਲੇ ਇਕ ਜਾਂ ਦੋ ਦਿਨਾਂ ਵਿਚ ਉਨ੍ਹਾਂ ਨੂੰ ਡੀਐਕਟੀਵੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਉੱਥੇ (ਚੰਦਰਮਾ ' ਤੇ) ਰਾਤ ਹੋਣ ਵਾਲੀ ਹੈ। ''