ਚੰਦਰਯਾਨ-3 ਦੇ ਲੈਂਡਰ ਮਾਡਿਊਲ ਦੇ ਸਬੰਧ 'ਚ ਕੋਈ ਵੀ ਫੈਕਟਰ ਨਿਸ਼ਚਿਤ ਪੈਮਾਨੇ 'ਤੇ ਨਹੀਂ ਰਹਿੰਦਾ ਹੈ ਜਾਂ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ, ਤਾਂ ਚੰਦਰਮਾ 'ਤੇ ਵਾਹਨ ਦੀ ਲੈਂਡਿੰਗ 27 ਅਗਸਤ ਨੂੰ ਕੀਤੀ ਜਾਵੇਗੀ। ਇਸਰੋ ਦੇ ਅਹਿਮਦਾਬਾਦ ਸਪੇਸ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਨੀਲੇਸ਼ ਐਮ ਦੇਸਾਈ ਨੇ ਇਹ ਜਾਣਕਾਰੀ ਦਿੱਤੀ ਹੈ।


 ਜਾਣਕਾਰੀ ਦਿੰਦਿਆਂ ਦੇਸਾਈ ਨੇ ਬੀਤੇ ਸੋਮਵਾਰ ਨੂੰ ਦੱਸਿਆ ਕਿ 23 ਅਗਸਤ ਨੂੰ ਚੰਦਰਯਾਨ-3 ਦੇ ਚੰਦਰਮਾ 'ਤੇ ਉਤਰਨ ਤੋਂ ਦੋ ਘੰਟੇ ਪਹਿਲਾਂ, ਅਸੀਂ ਲੈਂਡਰ ਮਾਡਿਊਲ ਦੀ ਸਥਿਤੀ ਅਤੇ ਸਥਿਤੀਆਂ ਦੇ ਆਧਾਰ 'ਤੇ ਇਹ ਫੈਸਲਾ ਕਰਾਂਗੇ ਕਿ ਉਸ ਸਮੇਂ ਉਤਰਨਾ ਉਚਿਤ ਹੋਵੇਗਾ ਜਾਂ ਨਹੀਂ। ਜੇਕਰ ਕੋਈ ਸਮੱਸਿਆ ਨਹੀਂ ਆਈ ਤਾਂ ਅਸੀਂ 23 ਅਗਸਤ ਨੂੰ ਹੀ ਉਤਰਾਂਗੇ। 


ਇਸਤੋਂ ਇਲਾਵਾ ਇਸਰੋ ਦੇ ਚੇਅਰਮੈਨ ਅਤੇ ਪੁਲਾੜ ਵਿਭਾਗ ਦੇ ਸਕੱਤਰ ਐਸ ਸੋਮਨਾਥ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ 'ਚੰਦਰਯਾਨ-3' ਦੀ ਸਥਿਤੀ ਅਤੇ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। 


ਰੂਸ ਦਾ ਲੂਨਾ-25 ਪੁਲਾੜ ਯਾਨ ਕਰੈਸ਼ ਹੋ ਗਿਆ ਹੈ। ਹੁਣ ਜੇਕਰ ਭਾਰਤ ਦਾ ਚੰਦਰਯਾਨ-3 ਮਿਸ਼ਨ ਸਫਲ ਹੁੰਦਾ ਹੈ ਤਾਂ ਇਹ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਚੰਦਰਯਾਨ-3 ਨੂੰ 23 ਅਗਸਤ ਨੂੰ ਸ਼ਾਮ 6:04 ਵਜੇ 25 ਕਿਲੋਮੀਟਰ ਦੀ ਉਚਾਈ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। 


ਉਧਰ ਚੰਦਰਯਾਨ-3 ਦਾ ਦੂਜਾ ਅਤੇ ਆਖ਼ਰੀ ਡੀਬੂਸਟਿੰਗ ਆਪ੍ਰੇਸ਼ਨ ਐਤਵਾਰ ਰਾਤ 1.50 ਵਜੇ ਪੂਰਾ ਹੋ ਗਿਆ। ਇਸ ਆਪਰੇਸ਼ਨ ਤੋਂ ਬਾਅਦ ਚੰਦਰਮਾ ਤੋਂ ਲੈਂਡਰ ਦੀ ਘੱਟੋ-ਘੱਟ ਦੂਰੀ 25 ਕਿਲੋਮੀਟਰ ਅਤੇ ਵੱਧ ਤੋਂ ਵੱਧ ਦੂਰੀ 134 ਕਿਲੋਮੀਟਰ ਹੈ। ਡੀਬੂਸਟਿੰਗ ਵਿੱਚ, ਪੁਲਾੜ ਯਾਨ ਦੀ ਗਤੀ ਹੌਲੀ ਹੋ ਜਾਂਦੀ ਹੈ। 


ਜ਼ਿਕਰਯੋਗ ਹੈ ਕਿ ਇਸਰੋ ਭਾਵ ਭਾਰਤੀ ਪੁਲਾੜ ਖੋਜ ਸੰਗਠਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਚੰਦਰਯਾਨ-2 ਮਿਸ਼ਨ ਦੇ ਆਰਬਿਟਰ ਅਤੇ ਚੰਦਰਯਾਨ-3 ਦੇ ਲੈਂਡਰ ਵਿਚਕਾਰ ਸੰਪਰਕ ਸਥਾਪਿਤ ਕਰ ਲਿਆ ਹੈ। ਦੋ-ਪੱਖੀ ਸੰਚਾਰ ਸਥਾਪਿਤ ਹੋਣ ਤੋਂ ਬਾਅਦ, ਆਰਬਿਟਰ ਨੇ ਲੈਂਡਰ ਨੂੰ ਕਿਹਾ- 'ਜੀ ਆਇਆਂ ਨੂੰ ਦੋਸਤ!'


 ਇਸਰੋ ਨੇ ਚੰਦਰਮਾ ਦੇ ਅਜਿਹੇ ਖੇਤਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਧਰਤੀ ਤੋਂ ਕਦੇ ਨਜ਼ਰ ਨਹੀਂ ਆਉਂਦਾ। ਇਸ ਨੂੰ 19 ਅਗਸਤ 2023 ਨੂੰ ਚੰਦਰਯਾਨ-3 ਵਿੱਚ ਫਿੱਟ ਕੀਤੇ ਲੈਂਡਰ ਹੈਜ਼ਰਡ ਡਿਟੈਕਸ਼ਨ ਐਂਡ ਅਵਾਇਡੈਂਸ ਕੈਮਰੇ (LHDAC) ਤੋਂ ਕੈਪਚਰ ਕੀਤਾ ਗਿਆ ਹੈ। ਇਹ ਕੈਮਰਾ ਲੈਂਡਰ ਨੂੰ ਸੁਰੱਖਿਅਤ ਲੈਂਡਿੰਗ ਖੇਤਰ ਦਾ ਪਤਾ ਲਗਾਉਣ ਵਿੱਚ ਮਦਦ ਕਰੇਗਾ। ਅਜਿਹਾ ਇਲਾਕਾ ਜਿੱਥੇ ਵੱਡੇ ਪੱਥਰ ਅਤੇ ਟੋਏ ਨਹੀਂ ਹਨ। ਇਸ ਤੋਂ ਬਾਅਦ ਛੇ ਪਹੀਆਂ ਵਾਲਾ ਪ੍ਰਗਿਆਨ ਰੋਵਰ ਵਿਕਰਮ ਲੈਂਡਰ ਤੋਂ ਰੈਂਪ ਰਾਹੀਂ ਬਾਹਰ ਆਵੇਗਾ ਅਤੇ ਇਸਰੋ ਤੋਂ ਕਮਾਂਡ ਮਿਲਣ ਦੇ ਨਾਲ ਹੀ ਚੰਦਰਮਾ ਦੀ ਸਤ੍ਹਾ 'ਤੇ ਚੱਲੇਗਾ। ਇਸ ਦੌਰਾਨ ਇਸ ਦੇ ਪਹੀਏ ਚੰਦਰਮਾ ਦੀ ਧਰਤੀ 'ਤੇ ਭਾਰਤ ਦੇ ਰਾਸ਼ਟਰੀ ਚਿੰਨ੍ਹ ਅਸ਼ੋਕ ਪਿੱਲਰ ਅਤੇ ਇਸਰੋ ਦੇ ਲੋਗੋ ਦੀ ਛਾਪ ਛੱਡਣਗੇ।


ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ 9 ਅਗਸਤ ਨੂੰ ਵਿਕਰਮ ਦੇ ਲੈਂਡਿੰਗ ਬਾਰੇ ਕਿਹਾ ਸੀ- 'ਜੇ ਸਭ ਕੁਝ ਅਸਫਲ ਹੋ ਜਾਂਦਾ ਹੈ, ਜੇਕਰ ਸਾਰੇ ਸੈਂਸਰ ਫੇਲ ਹੋ ਜਾਂਦੇ ਹਨ, ਕੁਝ ਵੀ ਕੰਮ ਨਹੀਂ ਕਰਦਾ, ਫਿਰ ਵੀ ਇਹ ਲੈਂਡ ਕਰੇਗਾ ਬਸ਼ਰਤੇ ਐਲਗੋਰਿਦਮ ਸਹੀ ਢੰਗ ਨਾਲ ਕੰਮ ਕਰੇ।