Charanjit Channi Meets PM Modi: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਸੀਐਮ ਚੰਨੀ ਅਤੇ ਪੀਐਮ ਮੋਦੀ ਦੇ ਵਿੱਚ ਮੁਲਾਕਾਤ ਲਗਭਗ ਇੱਕ ਘੰਟੇ ਤੱਕ ਚੱਲੀ। 20 ਸਤੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਹੈ।


ਇਸ ਮੁਲਾਕਾਤ ਤੋਂ ਮੁੱਖ ਮੰਤਰੀ ਚੰਨੀ ਮੀਡੀਆ ਦੇ ਰੂ-ਬ-ਰੂ ਹੋਏ।ਉਨ੍ਹਾਂ ਕਿਹਾ, "ਪੀਐਮ ਮੋਦੀ ਨਾਲ ਚੰਗੇ ਮਾਹੌਲ ਵਿੱਚ ਗੱਲ ਬਾਤ ਹੋਈ।ਮੈਂ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਅੱਗੇ ਤਿੰਨ ਗੱਲਾਂ ਰੱਖੀਆਂ।" ਉਨ੍ਹਾਂ ਕਿਹਾ, "ਪਹਿਲੀ ਗੱਲ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਸ਼ੁਰੂ ਕਰਨ ਨੂੰ ਲੈ ਕੇ ਕਿਤੀ।"


 


 



ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਬੀਤੇ ਕੱਲ੍ਹ ਭਾਰੀ ਬਾਰਿਸ਼ ਦਾ ਹਵਾਲਾ ਦਿੰਦੇ ਹੋਏ ਫਸਲ ਵਿੱਚ ਉੱਚ ਨਮੀ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਤੋਂ ਝੋਨੇ ਦੀ ਖਰੀਦ 11 ਅਕਤੂਬਰ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।


ਇਸ ਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਨੂੰ  ਖੇਤੀ ਕਾਨੂੰਨਾਂ ਦਾ ਝਗੜਾ ਤੁਰੰਤ ਖ਼ਤਮ ਕਰਨ ਲਈ ਕਿਹਾ।ਉਨ੍ਹਾਂ ਕਿਹਾ ਕਿ, "ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਕਿਸਾਨਾਂ ਨਾਲ ਗੱਲਬਾਤ ਮੁੜ ਤੋਂ ਸ਼ੁਰੂ ਕੀਤੀ ਜਾਵੇ।ਗੱਲਬਾਤ ਨਾਲ ਹੀ ਇਹ ਮਸਲੇ ਦਾ ਹੱਲ ਹੋਏਗਾ।ਪੰਜਾਬ ਖੇਤੀ ਪ੍ਰਦਾਨ ਸੂਬਾ ਹੈ।ਪੰਜਾਬ ਵੀ ਤਾਂ ਹੀ ਅੱਗੇ ਵਧੇਗਾ ਜੇ ਪੰਜਾਬ ਦੇ ਕਿਸਾਨ ਖੁਸ਼ਹਾਲ ਹੋਣਗੇ।ਇਸ ਲਈ ਕਿਸਾਨਾਂ ਦਾ ਮਸਲਾ ਜਲਦੀ ਹੱਲ ਹੋਵੇ।"


ਤੀਜਾ ਮੁੱਦਾ ਚੰਨੀ ਨੇ ਕਰਤਾਰਪੁਰ ਲਾਂਘੇ ਦਾ ਪ੍ਰਧਾਨ ਮੰਤਰੀ ਅੱਗੇ ਰੱਖਿਆ।ਚੰਨੀ ਨੇ ਕਿਹਾ, "ਕਰਤਾਰਪੁਰ ਲਾਂਘਾ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਜੋ ਸ਼ਰਧਾਲੂ ਉੱਥੇ ਦਰਸ਼ਨ ਲਈ ਜਾ ਸਕਣ।"