Farmers Protest: ਸੁਪਰੀਮ ਕੋਰਟ ਨੇ ਅੱਜ ਸੜਕ ਜਾਮ ਕਰਕੇ ਬੈਠੇ ਕਿਸਾਨ ਅੰਦੋਲਨਕਾਰੀਆਂ ਨੂੰ ਝਾੜ ਪਾਈ ਹੈ। ਸੁਪਰੀਮ ਕੋਰਟ ਨੇ ਇੱਕ ਕਿਸਾਨ ਸੰਗਠਨ ਦੇ ਵਕੀਲ ਨੂੰ ਕਿਹਾ, "ਹਰ ਨਾਗਰਿਕ ਨੂੰ ਸੜਕ 'ਤੇ ਘੁੰਮਣ ਦਾ ਅਧਿਕਾਰ ਹੈ। ਤੁਸੀਂ ਕਿੱਥੇ ਬੈਠੇ ਹੋ? ਕੀ ਤੁਸੀਂ ਉਸ ਇਲਾਕੇ ਦੇ ਲੋਕਾਂ ਤੋਂ ਪੁੱਛਿਆ ਹੈ ਕਿ ਉਹ ਖੁਸ਼ ਹਨ ਜਾਂ ਨਹੀਂ? ਤੁਸੀਂ ਸ਼ਹਿਰ ਦਾ ਗਲਾ ਘੁੱਟਿਆ ਹੋਇਆ ਹੈ। ਹੁਣ ਸ਼ਹਿਰ ਦੇ ਅੰਦਰ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗ ਰਹੇ ਹੋ?”


ਕਿਸਾਨ ਮਹਾਪੰਚਾਇਤ ਨੇ ਕੀ ਮੰਗ ਕੀਤੀ?


ਰਾਜਸਥਾਨ ਦੀ ਇੱਕ ਸੰਸਥਾ ਕਿਸਾਨ ਮਹਾਪੰਚਾਇਤ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਸ਼ਾਂਤਮਈ ਸੱਤਿਆਗ੍ਰਹਿ ਦੀ ਇਜਾਜ਼ਤ ਦਿੱਤੀ ਜਾਵੇ। ਜਸਟਿਸ ਏਐਮ ਖਾਨਵਿਲਕਰ ਤੇ ਸੀਟੀ ਰਵੀ ਕੁਮਾਰ ਨੇ ਇਸ 'ਤੇ ਕਿਹਾ, "ਸੱਤਿਆਗ੍ਰਹਿ ਦਾ ਕੀ ਅਰਥ ਹੈ? ਤੁਸੀਂ ਇੱਕ ਪਾਸੇ ਸੁਪਰੀਮ ਕੋਰਟ ਵਿੱਚ ਖੇਤੀਬਾੜੀ ਕਾਨੂੰਨਾਂ ਨੂੰ ਚੁਣੌਤੀ ਦਿੰਦੇ ਹੋ। ਦੂਜੇ ਪਾਸੇ ਤੁਸੀਂ ਵਿਰੋਧ ਕਰਦੇ ਹੋ। ਕੀ ਇਹ ਨਿਆਂਪਾਲਿਕਾ ਦੇ ਖਿਲਾਫ ਹੈ? ਜੇ ਅਦਾਲਤ 'ਚ ਆਏ ਹੋ, ਤਾਂ ਵਿਸ਼ਵਾਸ ਕਰਨਾ ਚਾਹੀਦਾ ਹੈ।”


ਜੱਜਾਂ ਨੇ ਅੱਗੇ ਕਿਹਾ, "ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਹਰ ਨਾਗਰਿਕ ਦਾ ਅਧਿਕਾਰ ਹੈ ਪਰ ਇਸ ਅੰਦੋਲਨ ਵਿੱਚ ਪਹਿਲਾਂ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ। ਸੁਰੱਖਿਆ ਕਰਮਚਾਰੀਆਂ 'ਤੇ ਹਮਲਾ ਕੀਤਾ ਗਿਆ। ਸੜਕ ਤੇ ਰੇਲ ਰੋਕ ਕੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਇਆ ਗਿਆ। ਇੱਥੋਂ ਤੱਕ ਕਿ ਫੌਜ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੀ ਤੁਸੀਂ ਜਿਸ ਥਾਂ 'ਤੇ ਬੈਠੇ ਹੋ, ਉਥੇ ਦੇ ਸਥਾਨਕ ਵਸਨੀਕਾਂ ਦੀ ਤਕਲੀਫ ਸਮਝੀ?"


ਤੁਸੀਂ ਰਸਤਾ ਰੋਕ ਕੇ ਸ਼ਹਿਰ ਦਾ ਦਮ ਘੁੱਟਿਆ ਹੈ- ਸੁਪਰੀਮ ਕੋਰਟ


ਕਿਸਾਨ ਮਹਾਪੰਚਾਇਤ ਦੇ ਵਕੀਲ ਅਜੇ ਚੌਧਰੀ ਨੇ ਦੁਹਰਾਇਆ ਕਿ ਉਹ ਸੀਮਤ ਗਿਣਤੀ ਵਿੱਚ ਕਿਸਾਨਾਂ ਦੀ ਮੌਜੂਦਗੀ ਵਿੱਚ ਜੰਤਰ-ਮੰਤਰ 'ਤੇ ਸੱਤਿਆਗ੍ਰਹਿ ਦੀ ਇਜਾਜ਼ਤ ਮੰਗ ਰਹੇ ਹਨ। ਇਸ 'ਤੇ ਅਦਾਲਤ ਨੇ ਕਿਹਾ, "ਤੁਸੀਂ ਸੜਕ ਜਾਮ ਕਰ ਦਿੱਤੀ ਹੈ ਤੇ ਸ਼ਹਿਰ ਦਾ ਦਮ ਘੁੱਟਿਆ ਹੈ। ਹੁਣ ਤੁਸੀਂ ਅੰਦਰ ਵੀ ਵਿਰੋਧ ਕਰਨਾ ਚਾਹੁੰਦੇ ਹੋ?" ਵਕੀਲ ਨੇ ਜਵਾਬ ਦਿੱਤਾ ਕਿ ਪੁਲਿਸ ਨੇ ਹਾਈਵੇ 'ਤੇ ਬੈਰੀਕੇਡ ਲਗਾਏ ਹੋਏ ਹਨ। ਉਸ ਦਾ ਸੰਗਠਨ ਉੱਥੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੈ।


ਅਦਾਲਤ ਨੇ ਪਟੀਸ਼ਨਰ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ ਕਿ ਉਸ ਦੀ ਸੰਸਥਾ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਨਹੀਂ। ਅਦਾਲਤ ਨੇ ਇਹ ਵੀ ਕਿਹਾ ਕਿ ਉਸ ਨੂੰ ਆਪਣੀ ਪਟੀਸ਼ਨ ਦੀ ਇੱਕ ਕਾਪੀ ਅਟਾਰਨੀ ਜਨਰਲ ਨੂੰ ਸੌਂਪਣੀ ਚਾਹੀਦੀ ਹੈ। ਇਸ ਦੀ ਅਗਲੀ ਸੁਣਵਾਈ ਸੋਮਵਾਰ 4 ਅਕਤੂਬਰ ਨੂੰ ਹੋਵੇਗੀ। ਵੀਰਵਾਰ ਨੂੰ ਸੁਪਰੀਮ ਕੋਰਟ ਦੇ ਇੱਕ ਹੋਰ ਬੈਂਚ ਨੇ ਵੀ ਸੜਕ ਜਾਮ ਕਰਨ 'ਤੇ ਟਿੱਪਣੀ ਕੀਤੀ ਸੀ। ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਸੀ ਕਿ ਹਾਈਵੇ ਨੂੰ ਹਮੇਸ਼ਾ ਲਈ ਬੰਦ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਦੀ ਸੁਣਵਾਈ ਵੀ ਸੋਮਵਾਰ ਨੂੰ ਹੈ।


ਇਹ ਵੀ ਪੜ੍ਹੋ: ਪਾਲਤੂ ਕੁੱਤਿਆਂ ਨੂੰ ਲੈ ਕੇ ਹੋਏ ਝਗੜੇ 'ਤੇ ਛਿੜਿਆ ਵਿਵਾਦ, ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਕਰ ਲਾਏ ਵੱਡਾ ਇਲਜ਼ਾਮ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904