ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਦਿੱਲੀ ਐਨ.ਸੀ.ਆਰ. ਵਿੱਚ ਪਟਾਕੇ ਵੇਚਣ 'ਤੇ ਰੋਕ ਲਾਉਣ ਤੋਂ ਬਾਅਦ ਮਸ਼ਹੂਰ ਲੇਖਕ ਚੇਤਨ ਭਗਤ ਨੂੰ ਕਾਫੀ ਤਕਲੀਫ ਹੋ ਰਹੀ ਜਾਪਦੀ ਹੈ। ਲੇਖਕ ਨੇ ਟਵੀਟ ਕਰਦਿਆਂ ਲਿਖਿਆ ਕਿ ਸਿਰਫ ਹਿੰਦੂ ਤਿਉਹਾਰਾਂ 'ਤੇ ਹੀ ਅਜਿਹੀ ਰੋਕ ਲਾਉਣ ਦੀ ਹਿੰਮਤ ਕਿਉਂ ਵਿਖਾਈ ਜਾਂਦੀ ਹੈ..?

[embed]https://twitter.com/chetan_bhagat/status/917270373049163777[/embed]

ਚੇਤਨ ਨੇ ਇਸ ਪਾਬੰਦੀ ਨੂੰ ਸਿੱਧੇ ਤੌਰ 'ਤੇ ਹਿੰਦੂ-ਮੁਸਲਿਮ ਨਾਲ ਜੋੜ ਦਿੱਤਾ ਹੈ। ਕੀ ਬੱਕਰੇ ਦੀ ਕੁਰਬਾਨੀ, ਮੁਹੱਰਮ 'ਤੇ ਵਹਾਏ ਜਾਣ ਵਾਲੇ ਖ਼ੂਨ 'ਤੇ ਵੀ ਰੋਕ ਲੱਗੇਗੀ?- ਚੇਤਨ ਭਗਤ

[embed]https://twitter.com/chetan_bhagat/status/917270907487379457[/embed]

ਮਸ਼ਹੂਰ ਲੇਖਕ ਨੇ ਲਿਖਿਆ ਹੈ ਕਿ ਸਿਰਫ ਹਿੰਦੂ ਤਿਉਹਾਰਾਂ 'ਤੇ ਪਾਬੰਦੀ ਲਾਉਣ ਦੀ ਹਿੰਮਤ ਕਿਉਂ? ਕੀ ਬੱਕਰੇ ਦੀ ਕੁਰਬਾਨੀ, ਮੁਹੱਰਮ 'ਤੇ ਵਹਾਏ ਜਾਣ ਵਾਲੇ ਖ਼ੂਨ 'ਤੇ ਵੀ ਰੋਕ ਲੱਗੇਗੀ? ਚੇਤਨ ਨੇ ਅੱਗੇ ਕਿਹਾ ਕਿ ਬਿਨਾ ਪਟਾਕਿਆਂ ਦੇ ਦਿਵਾਲੀ ਬਿਲਕੁਲ ਉਵੇਂ ਹੀ ਹੋਵੇਗੀ ਜਿਵੇਂ ਕ੍ਰਿਸਮਸ ਟਰੀ ਬਿਨਾ ਕ੍ਰਿਸਮਸ ਤੇ ਬੱਕਰੇ ਦੀ ਕੁਰਬਾਨੀ ਤੋਂ ਬਿਨਾ ਬਕਰੀਦ। ਚੇਤਨ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਅੱਜ ਆਪਣੇ ਹੀ ਦੇਸ਼ ਵਿੱਚ ਉਨ੍ਹਾਂ ਬੱਚਿਆਂ ਦੇ ਹੱਥਾਂ ਵਿੱਚੋਂ ਫੁਲਝੜੀਆਂ ਖੋਹ ਲਈਆਂ ਗਈਆਂ ਹਨ। ਹੈਪੀ ਦੀਵਾਲੀ ਮੇਰੇ ਦੋਸਤ।

ਪ੍ਰਦੂਸ਼ਣ ਕਰਕੇ ਲੱਗੀ ਰੋਕ

ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਦਿੱਲੀ ਤੇ ਇਸ ਦੇ ਗੁਆਂਢੀ ਖੇਤਰਾਂ ਵਿੱਚ ਪਟਾਕਿਆਂ 'ਤੇ ਰੋਕ ਲਾ ਦਿੱਤੀ ਹੈ। ਇਹ ਰੋਕ ਵਧ ਰਹੇ ਪ੍ਰਦੂਸ਼ਣ ਕਾਰਨ ਲੱਗੀ ਹੈ। ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਦਿੱਲੀ ਤੇ ਐਨ.ਸੀ.ਆਰ. ਅੰਦਰ ਕੁਝ ਸ਼ਰਤਾਂ ਨਾਲ ਪਟਾਕਿਆਂ ਦੀ ਵਿਕਰੀ 'ਤੇ ਲੱਗੀ ਰੋਕ ਨੂੰ ਹਟਾਏ ਜਾਣ ਦੇ 12 ਸਤੰਬਰ ਵਾਲੇ ਫੈਸਲੇ ਨੂੰ ਵਾਪਸ ਲੈਣ ਲਈ ਕਿਹਾ ਗਿਆ ਸੀ।

ਦਿੱਲੀ-ਐਨ.ਸੀ.ਆਰ. ਨਹੀਂ ਵਿਕਣਗੇ ਪਟਾਕੇ

ਦਰਅਸਲ ਦਿੱਲੀ ਵਿੱਚ ਹਰ ਸਾਲ ਦਿਵਾਲੀ ਮੌਕੇ ਪਟਾਕਿਆਂ ਕਾਰਨ ਕਾਫੀ ਪ੍ਰਦੂਸ਼ਣ ਹੁੰਦਾ ਹੈ। ਇਹ ਲੰਮੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਕੌਮਾਂਤਰੀ ਸਿਹਤ ਸੰਗਠਨ (WHO) ਨੇ ਬੀਤੇ ਸਾਲ ਦਿੱਲੀ ਨੂੰ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਦੱਸਿਆ ਸੀ। ਸਾਲ 2016 ਦੀ ਦਿਵਾਲੀ ਵਾਲੇ ਦਿਨ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ 452 ਪੀ.ਐਮ. ਸੀ, ਜੋ ਬੇਹੱਦ ਖ਼ਤਰਨਾਕ ਹੁੰਦੀ ਹੈ। 31 ਅਕਤੂਬਰ ਨੂੰ ਇਹ ਪੱਧਰ 624 ਦਰਜ ਕੀਤਾ ਗਿਆ ਸੀ। ਯਾਨੀ ਦਿੱਲੀ ਦੀ ਹਵਾ ਸਾਹ ਲੈਣ ਲਾਇਕ ਵੀ ਨਹੀਂ ਸੀ ਬਚੀ।

ਪਟਾਕਿਆਂ 'ਤੇ ਰੋਕ ਕਾਰਨ ਵਪਾਰ 'ਤੇ ਪਵੇਗਾ ਮਾੜਾ ਅਸਰ

ਤੁਹਾਨੂੰ ਦੱਸ ਦੇਈਏ ਕਿ ਦੀਵਾਲੀ ਮੌਕੇ ਪਟਾਕਿਆਂ ਦਾ ਵਪਾਰ ਕਾਫੀ ਵੱਡੇ ਪੱਧਰ 'ਤੇ ਹੁੰਦਾ ਹੈ। ਇੱਕ ਅੰਦਾਜ਼ੇ ਮੁਤਾਬਕ ਦਿੱਲੀ-ਐਨ.ਸੀ.ਆਰ. ਵਿੱਚ 50 ਲੱਖ ਕਿਲੋਗ੍ਰਾਮ ਪਟਾਕਿਆਂ ਦਾ ਸਟਾਕ ਮੌਜੂਦ ਹੈ, ਜਿਸ ਵਿੱਚੋਂ ਇੱਕ ਲੱਖ ਕਿੱਲੋ ਦਾ ਸਟਾਕ ਦਿੱਲੀ ਦੇ ਅੰਦਰ ਹੈ।

ਪਟਾਕਾ ਵਪਾਰੀਆਂ ਕੋਲ ਭਾਰਤੀ ਫੌਜ ਨਾਲੋਂ ਜ਼ਿਆਦਾ ਬਾਰੂਦ

ਦੀਵਾਲੀ ਤੋਂ ਪੰਜ ਦਿਨ ਪਹਿਲਾਂ ਔਸਤਨ ਦਿੱਲੀ-ਐਨ.ਸੀ.ਆਰ. ਵਿੱਚ 10 ਲੱਖ ਕਿਲੋਗ੍ਰਾਮ ਪਟਾਕਿਆਂ ਦੀ ਵਿਕਰੀ ਕੀਤੀ ਜਾਂਦੀ ਹੈ। ਸੁਪਰੀਮ ਕੋਰਟ ਨੇ ਰਾਜਧਾਨੀ ਵਿੱਚ ਪਟਾਕਿਆਂ ਦੇ ਇੰਨੇ ਵੱਡੇ ਸਟਾਕ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਦਿੱਲੀ ਦੇ ਪਟਾਕਾ ਵਪਾਰੀਆਂ ਕੋਲ ਤਾਂ ਭਾਰਤੀ ਫੌਜ ਨਾਲੋਂ ਵੀ ਜ਼ਿਆਦਾ ਗੋਲਾ ਬਾਰੂਦ ਹੈ, ਜੋ ਪੂਰੇ ਦੇਸ਼ ਨੂੰ ਸਾੜ ਸਕਦਾ ਹੈ।

ਸੁਪਰੀਮ ਕੋਰਟ ਦੇ ਇਸ ਫ਼ੈਸਲੇ 'ਤੇ ਆਮ ਆਦਮੀ ਦੀ ਪ੍ਰਤੀਕਿਰਿਆ ਤਾਂ ਰਲਵੀਂ ਮਿਲਵੀਂ ਆ ਰਹੀ ਹੈ। ਹਾਲਾਂਕਿ, ਲੋਕ ਇਸ ਗੱਲ ਤੋਂ ਖੁਸ਼ ਵਿਖਾਈ ਦਿੱਤੇ ਕਿ ਦਿਵਾਲੀ 'ਤੇ ਜਾਨਲੇਵਾ ਪ੍ਰਦੂਸ਼ਣ ਨੂੰ ਝੱਲਣਾ ਨਹੀਂ ਪਵੇਗਾ। ਦੂਜੇ ਪਾਸੇ ਕੁਝ ਲੋਕ ਇਸ ਗੱਲ ਕਾਰਨ ਸ਼ਿਕਾਇਤ ਕਰ ਰਹੇ ਸਨ ਕਿ ਬਿਨਾ ਪਟਾਕਿਆਂ ਦੇ ਕਾਹਦੀ ਦੀਵਾਲੀ...?