ਸੰਯੁਕਤ ਰਾਸ਼ਟਰ: ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਚੀਨ ਨੇ ਇੱਕ ਵਾਰ ਫਿਰ ਬਚਾਅ ਲਿਆ ਹੈ। ਚੀਨ ਨੇ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨਣ ਦਾ ਮਤਾ ਵੀਟੋ ਕਰ ਦੇਣ ਨਾਲ ਭਾਰਤ ਦੀ ਮੁਹਿੰਮ ਨੂੰ ਇੱਕ ਵਾਰ ਫਿਰ ਝਟਕਾ ਵੱਜਿਆ ਹੈ। ਪਿਛਲੇ 10 ਸਾਲਾਂ ਵਿੱਚ ਚੀਨ ਨੇ ਚੌਥੀ ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ।

ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦੀ ਅਲ ਕਾਇਦਾ ਸੈਂਕਸ਼ਨਜ਼ ਕਮੇਟੀ ਦੇ ਮਤਾ ਨੰਬਰ 1267 ਤਹਿਤ ਲਿਆਉਣ ਲਈ ਫਰਾਂਸ, ਬਰਤਾਨੀਆ ਤੇ ਅਮਰੀਕਾ ਵਲੋਂ 27 ਫਰਵਰੀ ਨੂੰ ਮਤਾ ਪੇਸ਼ ਕੀਤਾ ਗਿਆ ਸੀ। ਚੀਨ ਨੇ ਇਸ ਪ੍ਰਸਤਾਵ ਦੀ ਘੋਖ ਪੜਤਾਲ ਕਰਨ ਲਈ ਹੋਰ ਸਮਾਂ ਮੰਗਿਆ ਹੈ।

ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਬਾਰੇ ਨਿਰਾਸ਼ਾ ਦਾ ਇਜ਼ਹਾਰ ਕੀਤਾ ਹੈ। ਇਸ ਤੋਂ ਪਹਿਲਾਂ ਹੀ ਚੀਨ ਨੇ ਸੰਕੇਤ ਦੇ ਦਿੱਤਾ ਸੀ ਕਿ ਉਹ ਇੱਕ ਵਾਰ ਫਿਰ ਇਸ ਤਜਵੀਜ਼ ਨੂੰ ਡੱਕ ਸਕਦਾ ਹੈ। ਚੀਨ ਨੇ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਕੋਈ ਅਜਿਹਾ ਰਾਹ ਅਖ਼ਤਿਆਰ ਕੀਤਾ ਜਾਵੇ, ਜੋ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਵੇ।

ਦੱਸਣਾ ਬਣਦਾ ਹੈ ਕਿ ਚੀਨ ਇਸ ਤੋਂ ਪਹਿਲਾਂ ਤਿੰਨ ਵਾਰ ਜੈਸ਼ ਮੁਖੀ ਨੂੰ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਤਜਵੀਜ਼ ਨੂੰ ਆਪਣੀ ਵੀਟੋ ਤਾਕਤ ਦੇ ਸਿਰ ’ਤੇ ਰੱਦ ਕਰ ਚੁੱਕਾ ਹੈ। ਸਲਾਮਤੀ ਕੌਂਸਲ ਨੂੰ ਕਿਸੇ ਫ਼ੈਸਲੇ ’ਤੇ ਅੱਪੜਨ ਲਈ ਆਪਣੇ ਪੰਜ ਸਥਾਈ ਮੈਂਬਰਾਂ ਦਰਮਿਆਨ ਸਹਿਮਤੀ ਬਣਾਉਣੀ ਜ਼ਰੂਰੀ ਹੈ। ਚੀਨ ਦੇ ਇਸ ਫੈਸਲੇ 'ਤੇ ਅਮਰੀਕਾ ਤੇ ਹੋਰ ਮੈਂਬਰ ਵੀ ਅਸੰਤੁਸ਼ਟ ਦਿਖਾਈ ਦਿੱਤੇ।