India China Relations: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਤੀਜੀ ਵਾਰ ਐਨਡੀਏ ਸਰਕਾਰ ਬਣਨ 'ਤੇ ਕਈ ਗਲੋਬਲ ਨੇਤਾਵਾਂ ਨੇ ਵਧਾਈ ਦਿੱਤੀ ਹੈ ਪਰ ਚੀਨ ਨੇ ਤਾਈਵਾਨ ਦੇ ਰਾਸ਼ਟਰਪਤੀ ਦੇ ਵਧਾਈ ਸੰਦੇਸ਼ 'ਤੇ ਪੀਐਮ ਮੋਦੀ ਦੀ ਪ੍ਰਤੀਕਿਰਿਆ ਤੋਂ ਨਾਰਾਜ਼ ਹੋ ਕੇ ਭਾਰਤ ਨੂੰ ਧਮਕੀ ਦੇ ਮਾਰੀ ਹੈ। ਇਸ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਰੀਬੀ ਮੰਨੇ ਜਾਂਦੇ ਗਲੋਬਲ ਟਾਈਮਜ਼ ਦੇ ਸਾਬਕਾ ਸੰਪਾਦਕ ਹੂ ਸ਼ਿਜਿਨ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।


ਉਨ੍ਹਾਂ ਨੇ ਤਾਈਵਾਨ ਦੇ ਰਾਸ਼ਟਰਪਤੀ ਦੇ ਵਧਾਈ ਸੰਦੇਸ਼ ਲਈ ਪੀਐਮ ਮੋਦੀ ਦੇ ਧੰਨਵਾਦ ਉਪਰ ਟਵੀਟ ਕਰਦਿਆਂ ਲਿਖਿਆ ਕਿ ਨਰਿੰਦਰ ਮੋਦੀ ਨੇ ਹੱਦਾਂ ਪਾਰ ਕਰ ਦਿੱਤੀਆਂ ਹਨ। ਜੇਕਰ ਭਾਰਤ ਇਸ ਦਿਸ਼ਾ ਵੱਲ ਵਧਦਾ ਹੈ ਤਾਂ ਇਸ ਦੀ ਕੀਮਤ ਚੁਕਾਉਣੀ ਪਵੇਗੀ। ਚੀਨੀ ਸਰਕਾਰ ਨੇ ਤਾਈਵਾਨ ਦੇ ਰਾਸ਼ਟਰਪਤੀ ਦੇ ਵਧਾਈ ਸੰਦੇਸ਼ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਜਵਾਬ 'ਤੇ ਵਿਰੋਧ ਦਰਜ ਕਰਵਾਇਆ ਹੈ। ਤਾਈਵਾਨ ਦੇ ਚੋਟੀ ਦੇ ਨੇਤਾ ਨੇ ਮੋਦੀ ਨੂੰ ਉਨ੍ਹਾਂ ਦੀ ਜਿੱਤ 'ਤੇ ਸੰਦੇਸ਼ ਭੇਜਿਆ ਹੈ ਪਰ ਚੀਨ ਵੱਲੋਂ ਸਿਰਫ ਭਾਰਤ ਵਿੱਚ ਚੀਨੀ ਰਾਜਦੂਤ ਨੇ ਨੇ ਹੀ ਵਧਾਈ ਦਿੱਤੀ ਹੈ।


ਤਾਈਵਾਨ ਦਾ ਧੰਨਵਾਦ ਕਰਨ ਤੋਂ ਬਾਅਦ ਚੀਨ ਪ੍ਰੇਸ਼ਾਨ
ਚੀਨੀ ਵਿਦੇਸ਼ ਦਫਤਰ ਦੇ ਬੁਲਾਰੇ ਮਾਓ ਨਿੰਗ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਨੇ ਹਮੇਸ਼ਾ ਤਾਈਵਾਨ ਦੇ ਖੇਤਰੀ ਅਧਿਕਾਰੀਆਂ ਤੇ ਚੀਨ ਨਾਲ ਕੂਟਨੀਤਕ ਸਬੰਧ ਰੱਖਣ ਵਾਲੇ ਦੇਸ਼ਾਂ ਦਰਮਿਆਨ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਗੱਲਬਾਤ ਦਾ ਸਖਤ ਵਿਰੋਧ ਕੀਤਾ ਹੈ। ਚੀਨ ਅਧਿਕਾਰਤ ਤੌਰ 'ਤੇ ਤਾਈਵਾਨ ਨੂੰ ਚੀਨ ਦੇ ਗਣਰਾਜ ਦਾ ਹਿੱਸਾ ਮੰਨਦਾ ਹੈ। ਕਮਿਊਨਿਸਟ ਚੀਨ ਇਸ ਨੂੰ ਵੱਖਰੀ ਮਾਨਤਾ ਨਹੀਂ ਦਿੰਦਾ। ਭਾਰਤ ਨੇ 'ਇਕ ਚੀਨ' ਨੀਤੀ ਨੂੰ ਸਵੀਕਾਰ ਕੀਤਾ ਸੀ, ਜੋ ਪੀਪਲਜ਼ ਰੀਪਬਲਿਕ ਆਫ ਚਾਈਨਾ ਨੂੰ ਚੀਨ ਦੀ ਇਕਲੌਤੀ ਕਾਨੂੰਨੀ ਸਰਕਾਰ ਵਜੋਂ ਮਾਨਤਾ ਦਿੰਦੀ ਹੈ, ਜਿਸ ਵਿੱਚ ਤਾਇਵਾਨ 'ਤੇ ਉਸ ਦਾ ਦਾਅਵਾ ਵੀ ਸ਼ਾਮਲ ਹੈ।




ਹਾਲਾਂਕਿ ਭਾਰਤ ਦੇ ਤਾਇਵਾਨ ਨਾਲ ਕੋਈ ਕੂਟਨੀਤਕ ਸਬੰਧ ਨਹੀਂ ਪਰ ਇਸ ਦੇ ਬਾਵਜੂਦ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ। ਤਾਈਵਾਨ ਦੇ ਰਾਸ਼ਟਰਪਤੀ ਨੇ ਐਕਸ 'ਤੇ ਲਿਖਿਆ ਕਿ ਅਸੀਂ ਤੇਜ਼ੀ ਨਾਲ ਵਧ ਰਹੀ ਤਾਈਵਾਨ-ਭਾਰਤ ਸਾਂਝੇਦਾਰੀ ਨੂੰ ਵਧਾਉਣ, ਵਪਾਰ, ਤਕਨਾਲੋਜੀ ਤੇ ਹੋਰ ਖੇਤਰਾਂ ਵਿੱਚ ਆਪਣੇ ਸਹਿਯੋਗ ਨੂੰ ਵਧਾਉਣ ਦੀ ਉਮੀਦ ਕਰਦੇ ਹਾਂ। 


ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਦਿੱਤਾ ਤੇ ਲਾਈ ਦੇ ਨਿੱਘੇ ਸੰਦੇਸ਼ ਲਈ ਧੰਨਵਾਦ ਕੀਤਾ। ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਸੀ ਲਾਭਕਾਰੀ ਆਰਥਿਕ ਤੇ ਤਕਨੀਕੀ ਭਾਈਵਾਲੀ ਵੱਲ ਕੰਮ ਕਰਦੇ ਹੋਏ ਨਜ਼ਦੀਕੀ ਸਬੰਧਾਂ ਦੀ ਉਮੀਦ ਕਰਦੇ ਹਾਂ।